ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਕੇਜਰੀਵਾਲ ਸਰਕਾਰ ਦਿੱਲੀ ਵਿੱਚ ਦੇਸ਼ ਦਾ ਸਭ ਤੋਂ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਬਣਾ ਰਹੀ ਹੈ। ਇਹ ਐੱਸਟੀਪੀ 110 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਤੇ 564 ਮਿਲੀਅਨ ਲਿਟਰ ਪ੍ਰਤੀ ਦਿਨ (ਐੱਮਐੱਲਡੀ) ਦੀ ਸਮਰੱਥਾ ਵਾਲੇ ਸੀਵਰੇਜ ਦਾ ਟਰੀਟਮੈਂਟ ਕਰੇਗਾ। ਇਹ ਐੱਸਟੀਪੀ 2022 ਦੇ ਅੰਤ ਤੱਕ ਪੂਰਾ ਹੋ ਜਾਵੇਗਾ। ਇਸ ਐਸਟੀਪੀ ਦੇ ਮੁਕੰਮਲ ਹੋਣ ਤੋਂ ਬਾਅਦ, ਯਮੁਨਾ ਵਿੱਚ ਵਹਿਣ ਵਾਲੇ ਸੀਵਰੇਜ ਦਾ ਇੱਕ ਵੱਡਾ ਹਿੱਸਾ ਸਾਫ਼ ਹੋ ਜਾਵੇਗਾ। ਬਾਕੀ ਬਚਿਆ ਪਾਣੀ ਯਮੁਨਾ ਵਿੱਚ ਛੱਡਿਆ ਜਾਵੇਗਾ। ਦਿੱਲੀ ਦੇ ਜਲ ਮੰਤਰੀ ਤੇ ਦਿੱਲੀ ਜਲ ਬੋਰਡ (ਡੀਜੇਬੀ) ਦੇ ਚੇਅਰਮੈਨ ਸਤਿੰਦਰ ਜੈਨ ਨੇ ਓਖਲਾ ਵਿੱਚ ਬਣਾਏ ਜਾ ਰਹੇ ਭਾਰਤ ਦੇ ਸਭ ਤੋਂ ਵੱਡੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦੇ ਨਿਰਮਾਣ ਸਥਾਨ ਦਾ ਦੌਰਾ ਕਰਦਿਆਂ ਇਹ ਜਾਣਕਾਰੀ ਦਿੱਤੀ।
ਦਿੱਲੀ ਦੇ ਜਲ ਮੰਤਰੀ ਜੈਨ ਨੇ ਓਖਲਾ ਵਿੱਚ ਬਣਾਏ ਜਾ ਰਹੇ ਭਾਰਤ ਦੇ ਸਭ ਤੋਂ ਵੱਡੇ ਐਸਟੀਪੀ ਦੇ ਨਿਰਮਾਣ ਸਥਾਨ ਦਾ ਦੌਰਾ ਕੀਤਾ। ਇਹ ਐਸਟੀਪੀ ਦੱਖਣੀ ਅਤੇ ਮੱਧ ਦਿੱਲੀ ਵਿੱਚ ਵੱਖ -ਵੱਖ ਡਰੇਨਾਂ ਤੇ ਸੀਵਰੇਜ ਨੈਟਵਰਕਾਂ ਤੋਂ ਸੀਵਰੇਜ ਪ੍ਰਾਪਤ ਕਰੇਗਾ। ਇਸ ਐੱਸਟੀਪੀ ਵਿੱਚ 12 ਏਕੜ ਵਿੱਚ ਫੈਲੇ ਲਗਪਗ 150 ਟਨ ਗਾਰੇ ਨੂੰ ਸੁਕਾਉਣ ਲਈ ਸੋਲਰ ਡਰਾਇੰਗ ਸਿਸਟਮ ਵੀ ਹੋਵੇਗਾ। ਦੂਸ਼ਿਤ ਪਾਣੀ ਵਿੱਚੋਂ ਠੋਸ ਕਣਾਂ ਨੂੰ ਹਟਾਉਣ ਲਈ ਉੱਨਤ ਚੂਸਣ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਮੁਕੰਮਲ ਹੋਣ ਤੋਂ ਬਾਅਦ ਯਮੁਨਾ ਵਿੱਚ ਵਹਿਣ ਵਾਲਾ ਦੂਸ਼ਿਤ ਪਾਣੀ ਰੋਕ ਦਿੱਤਾ ਜਾਵੇਗਾ। ਇਸ ਐੱਸਟੀਪੀ ਦੇ ਦੂਸ਼ਿਤ ਪਾਣੀ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾਏਗੀ, ਜਿਵੇਂ ਕਿ ਅਸੋਲਾ ਭੱਠੀ ਦੀਆਂ ਖਾਣਾਂ ਦੇ ਅੰਦਰ ਤੇ ਆਲੇ ਦੁਆਲੇ ਭੂਮੀਗਤ ਪਾਣੀ ਦੇ ਰੀਚਾਰਜ ਲਈ, ਝੀਲਾਂ ਤੇ ਜਲਘਰਾਂ ਦੇ ਪੁਨਰ ਸੁਰਜੀਤੀ ਆਦਿ ਲਈ। ਇਸ ਮਗਰੋਂ ਵਾਧੂ ਪਾਣੀ ਯਮੁਨਾ ਵਿੱਚ ਛੱਡਿਆ ਜਾਵੇਗਾ।