ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਮਾਰਚ
ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਜਲ ਮੰਤਰੀ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਨੇ ਅੱਜ ਮੁੰਡਕਾ ਪਿੰਡ ਵਿੱਚ 2.95 ਕਰੋੜ ਲਿਟਰ ਦੀ ਸਮਰੱਥਾ ਵਾਲੇ ਇੱਕ ਭੂਮੀਗਤ ਭੰਡਾਰ/ਬੂਸਟਰ ਪੰਪਿੰਗ ਸਟੇਸ਼ਨ ਅਤੇ ਸੋਨੀਆ ਵਿਹਾਰ ਵਿੱਚ ਵੀ ਇੱਕ ਭੂਮੀਗਤ ਭੰਡਾਰ/ਬੂਸਟਰ ਪੰਪਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਹੈ। ਸਟੇਸ਼ਨ ਦੀ 2.68 ਕਰੋੜ ਲਿਟਰ ਦੀ ਸਮਰੱਥਾ ਹੈ, ਜਿਸ ਨਾਲ 6 ਲੱਖ ਪੂਰਬੀ ਦਿੱਲੀ ਵਾਸੀਆਂ ਨੂੰ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਹਰਸ਼ ਵਿਹਾਰ ਵਿੱਚ ਸੀਵਰੇਜ ਪੰਪਿੰਗ ਸਟੇਸ਼ਨ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਦੀ ਰੋਜ਼ਾਨਾ 1.75 ਕਰੋੜ ਲਿਟਰ ਸੀਵਰੇਜ ਪੰਪ ਕਰਨ ਦੀ ਸਮਰੱਥਾ ਹੋਵੇਗੀ। ਮੁੰਡਕਾ ਅਤੇ ਸੋਨੀਆ ਵਿਹਾਰ ਦੇ ਖੇਤਰ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਮੁੱਦੇ ਨੂੰ ਹੱਲ ਕਰਨ ਲਈ ਇੱਕ ਭੂਮੀਗਤ ਭੰਡਾਰ/ਬੂਸਟਰ ਪੰਪਿੰਗ ਸਟੇਸ਼ਨ ਮੁੰਡਕਾ ਪਿੰਡ ਵਿੱਚ ਅਤੇ ਇੱਕ ਸੋਨੀਆ ਵਿਹਾਰ ਵਿੱਚ ਸਥਾਪਤ ਕੀਤਾ ਗਿਆ ਹੈ।
ਦਿੱਲੀ ਸਰਕਾਰ ਨੇ ਕਿਹਾ ਕਿ ਆਲੇ-ਦੁਆਲੇ ਦੇ ਘਰਾਂ ਵਿੱਚ ਪਾਣੀ ਦੀ ਉਪਲਬਧਤਾ ਨੂੰ ਵਧਾਉਣ ਲਈ ਦਿੱਲੀ ਸਰਕਾਰ ਨੇ ਬੂਸਟਰ ਪੰਪਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਹੈ। ਇਹ ਬੂਸਟਰ ਪੰਪਿੰਗ ਸਟੇਸ਼ਨ ਪਾਣੀ ਦੇ ਦਬਾਅ ਨੂੰ ਲੋੜੀਂਦੇ ਪੱਧਰ ’ਤੇ ਲਿਆਉਣ ਲਈ ਘੱਟ ਪਾਣੀ ਦੇ ਦਬਾਅ ਅਤੇ ਪ੍ਰਵਾਹ ਨੂੰ ਵਧਾਉਂਦਾ ਹੈ। ਇਸ ਤਰ੍ਹਾਂ ਪਾਣੀ ਨੂੰ ਸਟੋਰੇਜ ਟੈਂਕ ਤੋਂ ਜਾਂ ਪੂਰੇ ਘਰ ਜਾਂ ਵਪਾਰਕ ਸਹੂਲਤ ਵਿੱਚ ਜਾਣ ਲਈ ਸਮਰੱਥ ਬਣਾਇਆ ਜਾਂਦਾ ਹੈ। ਜੈਨ ਨੇ ਕਿਹਾ ਕਿ ਇਹ ਖੇਤਰ ਵਿੱਚ ਪਾਣੀ ਦੇ ਦਬਾਅ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ ਤੇ ਦਿੱਲੀ ਵਿੱਚ ਮੌਜੂਦਾ ਪਾਣੀ ਦੇ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ। ਜੈਨ ਨੇ ਅੱਗੇ ਕਿਹਾ ਕਿ ਮੁੰਡਕਾ, ਸੋਨੀਆ ਵਿਹਾਰ ਤੇ ਹਰਸ਼ ਵਿਹਾਰ ਦੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਰਹਿਣ ਵਾਲੇ ਲਗਭਗ 8.45 ਲੱਖ ਵਾਸੀਆਂ ਨੂੰ ਫਾਇਦਾ ਮਿਲੇਗਾ।
ਸੋਨੀਆ ਵਿਹਾਰ ਵਿੱਚ 2.68 ਕਰੋੜ ਲਿਟਰ ਦੀ ਸਮਰੱਥਾ ਵਾਲੇ ‘ਯੂ.ਜੀ.ਆਰ.’ ਦਾ ਕੰਮ ਪੂਰੀ ਤਰ੍ਹਾਂ ਪੂਰਾ ਹੋ ਗਿਆ ਹੈ, ਜੋ ਉੱਤਰ-ਪੂਰਬੀ ਦਿੱਲੀ ਵਿੱਚ ਕਰਾਵਲ ਨਗਰ ਤੇ ਮੁਸਤਫਾਬਾਦ ਵਿਧਾਨ ਸਭਾ ਹਲਕੇ ਵਿੱਚ ਪਾਣੀ ਦੀ ਸਪਲਾਈ ਵਿੱਚ ਵਾਧਾ ਕਰੇਗਾ। ਇਸ ਨਾਲ ਸ਼ਿਵ ਵਿਹਾਰ, ਅੰਕੁਰ ਐਨਕਲੇਵ, ਮਹਾਲਕਸ਼ਮੀ ਐਨਕਲੇਵ, ਅੰਬਿਕਾ ਵਿਹਾਰ, ਜੋਹਰੀਪੁਰ, ਦਿਆਲਪੁਰ, ਸਾਦਤਪੁਰ, ਭਗਤ ਸਿੰਘ ਕਲੋਨੀ, ਜ਼ਿਆਉਦੀਨ ਨਗਰ, ਅੰਬੇਡਕਰ ਨਗਰ, ਭਾਗੀਰਥੀ ਵਿਹਾਰ, ਨਹਿਰੂ ਵਿਹਾਰ ਆਦਿ ਵਰਗੀਆਂ ਅਣ-ਅਧਿਕਾਰਤ ਕਲੋਨੀਆਂ ਦੇ ਲਗਭਗ 6 ਲੱਖ ਵਸਨੀਕਾਂ ਨੂੰ ਸਿੱਧਾ ਫਾਇਦਾ ਹੋਵੇਗਾ। ਪ੍ਰਾਜੈਕਟ ਦੀ ਲਾਗਤ ਵਿੱਚ 10 ਸਾਲਾਂ ਦੇ ਸੰਚਾਲਨ ਅਤੇ ਰੱਖ-ਰਖਾਅ ਸ਼ਾਮਲ ਹਨ। ਇਸੇ ਤਰ੍ਹਾਂ ਮੁੰਡਕਾ ਪਿੰਡ ਵਿੱਚ ਵੀ 2.95 ਕਰੋੜ ਦੀ ਵਿਸ਼ਾਲ ਸਮਰੱਥਾ ਵਾਲੇ ਯੂ.ਜੀ.ਆਰ. ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੁੰਡਕਾ ਹਲਕੇ ਦੇ ਪਿੰਡਾਂ ਅਤੇ ਅਣਅਧਿਕਾਰਤ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।