ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੇ ਧੜੇ ‘ਚ ਸ਼ਾਮਲ ਆਗੂਆਂ ਦੀ ਇਮਾਨਦਾਰ ਸ਼ਖਸੀਅਤ ਦਾ ਪਰਦਾਫਾਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਸਭ ਤੋਂ ਭਰੋਸੇਮੰਦ ਦੋਸਤ ਸਤੇਂਦਰ ਜੈਨ ਹਵਾਲਾ ਕਾਰੋਬਾਰ ਤੇ ਪਾਰਟੀ ਦੇ ਨਾਜਾਇਜ਼ ਲੈਣ-ਦੇਣ ਕਾਰਨ ਪੁਲੀਸ ਦੀ ਗ੍ਰਿਫਤ ‘ਚ ਹਨ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਤੇ ਉਸ ਦੇ ਸਾਥੀ ਹਵਾਲਾ ਵਪਾਰੀ ਦੇ ਘਰ ਦੀ ਤਲਾਸ਼ੀ ਲੈਣ ‘ਤੇ 2.82 ਕਰੋੜ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਸੋਨਾ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਛਾਪਿਆਂ ਦੌਰਾਨ ਸੋਨੇ ਦੇ ਸਿੱਕੇ ਮਿਲੇ ਹਨ ਜੋ ਕਿ ਵੱਡੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਹੇ ਹਨ। ਇਸ ਮੌਕੇ ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਤੇਂਦਰ ਜੈਨ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ। ਉਨ੍ਹਾਂ ਕਿਹਾ ਕਿ ਜੈਨ ਦੀ ਗ੍ਰਿਫ਼ਤਾਰੀ ਇਕ ਝਾਕੀ ਹੈ। ਸ਼ਰਾਬ ਮਾਫ਼ੀਆ ਨਾਲ ਮਿਲੀਭੁਗਤ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਤੇ ਡੀਟੀਸੀ ਘੁਟਾਲੇ ਵਿੱਚ ਕਥਿਤ ਸ਼ਾਮਲ ਮਨੀਸ਼ ਸਿਸੋਦੀਆ ਅਤੇ ਕੈਲਾਸ਼ ਗਹਿਲੋਤ ਨੂੰ ਜੇਲ੍ਹ ਜਾਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 80 ਫੀਸਦੀ ਮੰਤਰੀ ਅਤੇ 38 ਵਿਧਾਇਕ ਅਪਰਾਧਿਕ ਮਾਮਲਿਆਂ ‘ਚ ਦੋਸ਼ੀ ਪਾਏ ਗਏ ਹਨ, ਉਨ੍ਹਾਂ ਦੇ ਕਾਰਨਾਮੇ ਵੀ ਜਲਦ ਹੀ ਦਿੱਲੀ ਦੀ ਜਨਤਾ ਦੇ ਸਾਹਮਣੇ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲੇ ਮੁੱਖ ਮੰਤਰੀ ਹਨ, ਜੋ ਜਨਤਕ ਤੌਰ ‘ਤੇ ਭ੍ਰਿਸ਼ਟਾਚਾਰੀਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇਣ ਦੀ ਗੱਲ ਕਰਦੇ ਹਨ ਪਰ ਜਦੋਂ ਉਨ੍ਹਾਂ ਦੇ ਮੰਤਰੀਆਂ ਦੇ ਵਿਧਾਇਕਾਂ ‘ਤੇ ਭ੍ਰਿਸ਼ਟਾਚਾਰ ਸਾਬਤ ਹੁੰਦਾ ਹੈ ਤਾਂ ਉਨ੍ਹਾਂ ਨੂੰ ਦੇਸ਼ ਭਗਤੀ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਬਚਾਉਣ ਦੀ ਭੂਮਿਕਾ ਨਿਭਾਉਂਦੇ ਹਨ।
ਕੇਜਰੀਵਾਲ ਐਂਡ ਕੰਪਨੀ ਭ੍ਰਿਸ਼ਟਾਚਾਰ ਵਿੱਚ ਡੁੱਬੀ: ਆਦੇਸ਼ ਗੁਪਤਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਤੇਂਦਰ ਜੈਨ ਦੇ ਉਨ੍ਹਾਂ ਨਜ਼ਦੀਕੀਆਂ ਦੇ ਘਰਾਂ ‘ਤੇ ਛਾਪੇ ਮਾਰ ਕੇ ਨਕਦੀ ਸਮੇਤ ਸੋਨੇ ਦੇ ਸਿੱਕੇ ਅਤੇ ਬਿਸਕੁਟ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇ ਰਹੇ ਸਨ। ਇਸ ਬਾਰੇ ਕੋਈ ਜਵਾਬ ਹੈ ਤਾਂ ਉਨ੍ਹਾਂ ਨੂੰ ਅੱਗੇ ਆ ਕੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਸਨ ਕਿ ਸਤੇਂਦਰ ਜੈਨ ਦੇ ਸਾਰੇ ਪੇਪਰ ਪੜ੍ਹੇ ਹਨ, ਉਹ ਸਾਰੇ ਸਹੀ ਹਨ। ਜੇਕਰ ਸਤੇਂਦਰ ਜੈਨ ਇੰਨੇ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਪਦਮਸ਼੍ਰੀ ਪੁਰਸਕਾਰ ਮਿਲਣਾ ਚਾਹੀਦਾ ਹੈ। ਪਰ ਅੱਜ ਜਿਸ ਤਰ੍ਹਾਂ ਛਾਪਿਆਂ ਦੌਰਾਨ ਚੀਜ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਨੂੰ ‘ਪਰਮ ਕਰੱਪਟ’ ਦਾ ਐਵਾਰਡ ਮਿਲਣਾ ਚਾਹੀਦਾ ਹੈ, ਪਦਮਸ਼੍ਰੀ ਨਹੀਂ। ਉਨ੍ਹਾਂ ਕਿਹਾ ਕਿ ਇਮਾਨਦਾਰ ਤੇ ਆਮ ਲੋਕ ਬਣ ਕੇ ਰਾਜਨੀਤੀ ਨੂੰ ਬਦਲਣ ਲਈ ਆਏ ਕੇਜਰੀਵਾਲ ਐਂਡ ਕੰਪਨੀ ਅੱਜ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਆਦੇਸ਼ ਗੁਪਤਾ ਨੇ ਕੇਜਰੀਵਾਲ ਵੱਲੋਂ ਸਤੇਂਦਰ ਜੈਨ ਦੇ ਬਚਾਅ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਖਰ ਜੈਨ ਦੀਆਂ ਬੇਨਾਮੀ ਜਾਇਦਾਦਾਂ ਦਾ ਕਿੰਨਾ ਹਿੱਸਾ ਕੇਜਰੀਵਾਲ ਦਾ ਹੈ ਜੋ ਉਨ੍ਹਾਂ ਦਾ ਵਫ਼ਾਦਾਰ ਹੈ। ਉਨ੍ਹਾਂ ਕਿਹਾ ਕਿ ਜੈਨ ਨੇ ਸ਼ੁਰੂ ਤੋਂ ਹੀ 16.39 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਕਬੂਲ ਕੀਤੀ ਹੈ ਜਿਸ ਕਾਰਨ ਉਹ ਅੱਜ ਜੇਲ੍ਹ ਵਿੱਚ ਹੈ। ਅੱਜ ਜਦੋਂ ਈਡੀ ਜੈਨ ਦੇ ਕਰੀਬੀ ਦੋਸਤਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ ਤਾਂ ਕੇਜਰੀਵਾਲ ਸਭ ਤੋਂ ਵੱਧ ਦੁਖੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਇਮਾਨਦਾਰੀ ਨਾਲ ਰਾਜਨੀਤੀ ਕੀਤੀ ਹੈ ਤਾਂ ਹੁਣ ਤੱਕ ਜੈਨ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਹੁਣ ਤੱਕ ਕੇਜਰੀਵਾਲ ਨੇ ਜੈਨ ਖਿਲਾਫ ਕਾਰਵਾਈ ਵੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਆਮ ਆਦਮੀ ਪਾਰਟੀ ਅੰਦਰ ਜਿਸ ਤਰ੍ਹਾਂ ਦੀ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਆਗੂਆਂ ਦੇ ਹੋਰ ਵੀ ਕਈ ਕਾਲੇ ਪੰਨੇ ਬੇਨਕਾਬ ਹੋਣ ਵਾਲੇ ਹਨ। ਇਮਾਨਦਾਰ ਤੇ ਆਮ ਲੋਕ ਬਣ ਕੇ ਰਾਜਨੀਤੀ ਨੂੰ ਬਦਲਣ ਲਈ ਆਏ ਕੇਜਰੀਵਾਲ ਐਂਡ ਕੰਪਨੀ ਅੱਜ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ।