ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਪਰੈਲ
ਭਾਰਤੀ ਯੂਥ ਕਾਂਗਰਸ ਨੇ ਅੱਜ ਭਾਜਪਾ ਸਰਕਾਰ ਦੁਆਰਾ ਨਫ਼ਰਤ ਭਰੇ ਬੁਲਡੋਜ਼ਰਾਂ ਦੀ ਕਾਰਵਾਈ ਦਾ ਵਿਰੋਧ ਕੀਤਾ। ਯੂਥ ਕਾਂਗਰਸ ਦੇ ਕਾਰਕੁਨਾਂ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਸਰਕਾਰੀ ਰਿਹਾਇਸ਼ ਨੇੜੇ ਜਹਾਂਗੀਰਪੁਰੀ ਇਲਾਕੇ ਵਿੱਚ ਹਿੰਸਾਗ੍ਰਸਤ ਰਹੇ ਹਿੱਸੇ ਵਿੱਚ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਕੀਤੀ ਗਈ ਭੰਨ-ਤੋੜ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਦਿੱਲੀ ਪੁਲੀਸ ਦੀਆਂ ਲਾਈਆਂ ਰੋਕਾਂ ਟੱਪ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਉਨ੍ਹਾਂ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉਪਰ ‘ਸੰਵਿਧਾਨ ਦਾ ਗਲ਼ਾ ਘੁੱਟਣਾ ਬੰਦ ਕਰੋ’, ‘ਨਫ਼ਰਤ ਦੇ ਜ਼ਹਿਰ ਤੋਂ, ਇਨਸਾਨੀਅਤ ਦੇ ਸ਼ਹਿਰ ਨੂੰ ਬਚਾਓ’ ਦੇ ਨਾਅਰੇ ਲਿਖੇ ਹੋਏ ਸਨ।
ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਭਾਜਪਾ ਆਪਣੀ ਕੁਰਸੀ ਬਚਾਉਣ ਲਈ ਦੇਸ਼ ਨੂੰ ਨਫ਼ਰਤ ਤੇ ਹਿੰਸਾ ਵੱਲ ਧੱਕ ਰਹੀ ਹੈ। ਦੇਸ਼ ਭਰ ’ਚ ਭਾਜਪਾ ਦੇ ਬੁਲਡੋਜ਼ਰ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ, ਗਾਂਧੀ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਭਾਜਪਾ ਸਰਕਾਰ ਨਾ ਲੋਕਤੰਤਰ ਨੂੰ ਕੁਚਲ ਸਕੇਗੀ, ਨਾ ਗਾਂਧੀ ਨੂੰ। ਸੱਚਾਈ, ਅਹਿੰਸਾ ਤੇ ਇਨਸਾਫ਼ ਨੂੰ ਲਤਾੜਨ ਦੀ ਭਾਜਪਾ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ।
ਪ੍ਰਧਾਨ ਨੇ ਕਿਹਾ ਕਿ ਅੱਜ ਦੇਸ਼ ’ਚ ਨਫ਼ਰਤ ਦਾ ਮਾਹੌਲ, ਅਸੁਰੱਖਿਆ ਤੇ ਅਵਿਸ਼ਵਾਸ ਪੈਦਾ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੀ ਹੈ। ‘ਮੇਰਾ ਭਾਰਤ ਮਹਾਨ ਹੈ’ ਦੇ ਬੋਰਡ ’ਤੇ ਨਫ਼ਰਤ ਦਾ ਬੁਲਡੋਜ਼ਰ ਚੱਲ ਸਕਦਾ ਹੈ ਪਰ ਵਿਚਾਰਧਾਰਾ ’ਤੇ ਨਹੀਂ, ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨਫ਼ਰਤ ਵਿਰੁੱਧ ਆਵਾਜ਼ ਬੁਲੰਦ ਕਰਨੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗਰੀਬਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਵਾਲੇ ਭਾਰਤੀ ਜ਼ਮੀਨ ’ਤੇ ਬਣੇ ਨਾਜਾਇਜ਼ ਚੀਨੀ ਘਰਾਂ ’ਤੇ ਚੁੱਪ ਧਾਰੀ ਬੈਠੇ ਹਨ। ਭਾਜਪਾ ਸਰਕਾਰ ਜਿਸ ਬੇਸ਼ਰਮੀ ਅਤੇ ਬੇਇਨਸਾਫ਼ੀ ’ਤੇ ਕੰਮ ਕਰ ਰਹੀ ਹੈ, ਉਸ ਦੀ ਕੀਮਤ ਦੇਸ਼ ਅਤੇ ਦੇਸ਼ ਵਾਸੀ ਭੁਗਤ ਰਹੇ ਹਨ। ਨਫ਼ਰਤ ਦੇ ਬੁਲਡੋਜ਼ਰ ’ਤੇ ਸਵਾਰ ਭਾਜਪਾ ਸਰਕਾਰ ਪੂਰੀ ਤਰ੍ਹਾਂ ਭਰੋਸਾ ਖੋ ਚੁੱਕੀ ਹੈ। ਇਹ ਲੋਕ ਮਹਿੰਗਾਈ, ਬੇਰੁਜ਼ਗਾਰੀ ਵਰਗੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਹੇਠਲੇ ਪੱਧਰ ’ਤੇ ਆ ਗਏ ਹਨ। ਇਸ ਲਈ ਇਸ ਨਫ਼ਰਤ ਵਿਰੁੱਧ ਆਵਾਜ਼ ਉਠਾਉਣ ਦੀ ਲੋੜ ਹੈ। ਬੁਲਡੋਜ਼ਰਾਂ ਨਾਲ ਸਿਰਫ਼ ਘਰ ਹੀ ਨਹੀਂ ਢਾਏ ਜਾ ਰਹੇ, ਸਾਡੇ ਸੰਵਿਧਾਨ ਨੂੰ ਵੀ ਢਾਹਿਆ ਜਾ ਰਿਹਾ ਹੈ।
ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚ ਮੁਜ਼ਾਹਰੇ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਜਹਾਂਗੀਰਪੁਰੀ ਵਿੱਚ ਹੋਈ ਹਿੰਸਾ ਤੇ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਭਾਜਪਾ ਆਗੂ ਦੇ ਪੱਤਰ ਨੂੰ ਆਧਾਰ ਬਣਾ ਕੇ ਕਬਜ਼ੇ ਹਟਾਉਣ ਦੀ ਕੀਤੀ ਗਈ ਕਾਰਵਾਈ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੇ ਅੰਬੇਡਕਰ ਯੂਨੀਵਰਸਿਟੀ ਦਿੱਲੀ ਦੇ ਕਰਮਪੁਰਾ ਕੈਂਪਸ ਵਿੱਚ ਰੋਸ ਮੁਜ਼ਾਹਰੇ ਕੀਤੇ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਗੇਟ ਨੰਬਰ-8 ਕੋਲ ਵਿਦਿਆਰਥੀ ਇੱਕਠੇ ਹੋਏ ਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਮੁਸਲਮਾਨਾਂ ਦੇ ਮਕਾਨਾਂ ਨੂੰ ਬੁਲਡੋਜ਼ਰਾਂ ਦਾ ਨਿਸ਼ਾਨਾ ਨਾ ਬਣਾਇਆ ਜਾਵੇ। ਵਿਦਿਆਰਥੀਆਂ ਨੇ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਭਾਜਪਾ ਦੇ ਆਖਣ ’ਤੇ ਮੁਸਲਮਾਨਾਂ ਨੂੰ ਦਸ਼ਿਹਤਗਰਦੀ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ। ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਪ੍ਰਦਰਸ਼ਨਾਂ ਵਿੱਚ ਸ਼ਿਰਕਤ ਕੀਤੀ ਗਈ। ਵਿਦਿਆਰਥੀਆਂ ਨੇ ਹੱਥਾਂ ਵਿੱਚ ਪੋਸਟਰ ਫੜ ਕੇ ਨਿਗਮ ਦੀ ਕਾਰਵਾਈ ਦੀ ਖ਼ਿਲਾਫ਼ਤ ਕੀਤੀ। ਕੁੜੀਆਂ ਵੀ ਵੱਡੀ ਗਿਣਤੀ ਵਿੱਚ ਦੋਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਰਹੀਆਂ। ਉਨ੍ਹਾਂ ਨਾਅਰੇ ਲਾਏ ਕਿ ਬੇਕਸੂਰਾਂ ਦੇ ਮਕਾਨਾਂ ਉਪਰ ਬੁਲਡੋਜ਼ਰ ਨਹੀਂ ਚੱਲੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਖ਼ਿਲਾਫ਼ ਵੀ ਨਾਅਰੇ ਲਾਏ। ਵਿਦਿਆਰਥੀਆਂ ਨੇ ਅੰਬੇਡਕਰ ਯੂਨੀਵਰਸਿਟੀ ਦਿੱਲੀ ਦੇ ਕਰਮਪੁਰਾ ਕੈਂਪਸ ਵਿੱਚ ਵਿਰੋਧ ਪ੍ਰਗਟਾਇਆ।
ਦੁਕਾਨਦਾਰ ਵੱਲੋਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਜਹਾਂਗੀਰਪੁਰੀ ਖੇਤਰ ਦੇ ਇੱਕ ਦੁਕਾਨ ਦੇ ਮਾਲਕ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਨੂੰ ਨਵੀਂ ਦਿੱਲੀ ਨਗਰ ਨਿਗਮ ਦੁਆਰਾ ਉਸ ਦੀ ਦੁਕਾਨ ਨੂੰ ਅਣਅਧਿਕਾਰਤ ਤੌਰ ’ਤੇ ਢਾਹ ਦਿੱਤਾ ਗਿਆ ਸੀ। ਪਟੀਸ਼ਨਰ ਗਣੇਸ਼ ਗੁਪਤਾ ਦਾ ਦਾਅਵਾ ਹੈ ਕਿ ਇਹ ਦੁਕਾਨ ਉਸ ਨੂੰ ‘ਡੀਡੀਏ’ ਨੇ ਸਾਲ 1977-78 ਵਿੱਚ ਅਲਾਟ ਕੀਤੀ ਸੀ ਤੇ ਉਸ ਸਮੇਂ ਤੋਂ ਉਹ ਨਿਯਮਤ ਤੌਰ ’ਤੇ ਲੋੜੀਂਦੀਆਂ ਫੀਸਾਂ ਅਤੇ ਟੈਕਸ ਅਦਾ ਕਰ ਰਿਹਾ ਹੈ। ਢਾਹੁਣ ਵਾਲੇ ਦਿਨ ਉਸ ਨੇ ਸਾਰੇ ਲੋੜੀਂਦੇ ਦਸਤਾਵੇਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਬੇਨਤੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਉਸ ਦੀ ਦੁਕਾਨ ਨੂੰ ਨੁਕਸਾਨ ਪਹੁੰਚਾਇਆ ਗਿਆ। ਗੁਪਤਾ ਨੇ ਹੁਣ ਉੱਤਰੀ ਦਿੱਲੀ ਨਗਰ ਨਿਗਮ ਤੇ ਇਸ ਦੇ ਅਧਿਕਾਰੀਆਂ ਉਪਰ ਅੱਗੇ ਉਸਾਰੀਆਂ ਢਾਹੁਣ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਮਾਲਕ ਨੇ ਉਕਤ ਭੰਨ-ਤੋੜ ਨੂੰ ਕਾਨੂੰਨ ਵਿਰੁੱਧ ਦੱਸਿਆ ਅਤੇ ਉਸ ਦੀ ਦੁਕਾਨ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ।