ਪੱਤਰ ਪ੍ਰੇਰਕ
ਨਵੀਂ ਦਿੱਲੀ: 20 ਮਈ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਬਦਕਿਸਮਤੀ ਨਾਲ ਪਿਛਲੇ ਇਕ ਮਹੀਨੇ ਤੋਂ ਤਾਲਾਬੰਦੀ ਹੈ, ਦੁਕਾਨਾਂ ਖੁੱਲ੍ਹੀਆਂ ਨਹੀਂ ਹਨ। ਅਜਿਹੀ ਸਥਿਤੀ ਵਿੱਚ ਜੇ ਕੋਈ ਵਪਾਰੀ ਪੈਸੇ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੈ ਤਾਂ ਭਾਜਪਾ ਦਾ ਐੱਮਸੀਡੀ ਜਾਂ ਤਾਂ ਦੁਕਾਨ ਸੀਲ ਕਰ ਰਿਹਾ ਹੈ ਜਾਂ ਉਸ ਵਪਾਰੀ ਤੋਂ ਮਨਮਾਨੀ ਰਿਸ਼ਵਤ ਲੈ ਰਿਹਾ ਹੈ। ਅਜਿਹੀ ਸਥਿਤੀ ਵਿੱਚ ਛੋਟੇ ਤੇ ਦਰਮਿਆਨੇ ਵਪਾਰੀਆਂ ਉੱਤੇ ਇਹ ਸਭ ਤੋਂ ਵੱਡੀ ਮਾਰ ਹੈ। ਪਹਿਲਾਂ ਵਪਾਰ ਲਾਇਸੈਂਸ ਬਣਾਉਣ ਲਈ 500 ਤੋਂ 1000 ਰੁਪਏ ਦੇਣੇ ਪੈਂਦੇ ਸਨ ਪਰ ਅੱਜ 6000 ਤੋਂ 15000 ਦੇਣੇ ਪੈਣੇ ਹਨ। ਭਾਜਪਾ ਉਨ੍ਹਾਂ ਤੋਂ 2 ਫ਼ੀਸਦੀ ਲੈਣ-ਦੇਣ ਦੀ ਫੀਸ ਲੈ ਰਹੀ ਹੈ। ਫੈਕਟਰੀ ਲਾਇਸੈਂਸ, ਜੋ ਪਹਿਲਾਂ 5000 ਤੋਂ 15000 ਰੁਪਏ ਵਿੱਚ ਬਣਦੇ ਸਨ ਅੱਜ ਇਸ ਨੂੰ ਬਣਾਉਣ ਤੇ ਨਵੀਨੀਕਰਨ ਲਈ 50 ਹਜ਼ਾਰ ਤੋਂ ਲੈ ਕੇ 1.50 ਲੱਖ ਤੱਕ ਲਏ ਜਾ ਰਹੇ ਹਨ।
ਐੱਮਸੀਡੀ ਫੈਕਟਰੀਆਂ ਤੋਂ ਕੂੜਾ ਚੁੱਕਣ ਲਈ ਵੀ ਚਾਰਜ ਲੈਂਦੀ ਹੈ। ਦੁਰਗੇਸ਼ ਪਾਠਕ ਨੇ ਭਾਜਪਾ ਨੇਤਾਵਾਂ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਨੂੰ ਜੁਰਮਾਨਾ ਨਾ ਲਗਾਇਆ ਜਾਵੇ। ਪ੍ਰੈਸ ਕਾਨਫਰੰਸ ਵਿੱਚ ਮੌਜੂਦ ‘ਆਪ’ ਆਗੂ ਦੀਪਕ ਸਿੰਗਲਾ ਨੇ ਕਿਹਾ, ‘‘ਅਸੀਂ ਵਪਾਰੀ ਹਾਂ ਸਾਡੀ ਮਦਦ ਕਰਨੀ ਚਾਹੀਦੀ ਹੈ, ਸਾਨੂੰ ਪ੍ਰੇਸ਼ਾਨ ਕਰਨਾ ਬੰਦ ਕਰੋ ਤੇ ਕਾਰੋਬਾਰੀਆਂ ਦਾ ਸਮਰਥਨ ਕਰੋ।’’