ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜਿਆਂ ਮਗਰੋਂ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿੱਚ ਜਾਣ ਤੇ ਹਰਮੀਤ ਸਿੰਘ ਕਾਲਕਾ ਦੀ ਟੀਮ ਵੱਲੋਂ ਵੱਖਰਾ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾਉਣ ਦੇ ਬਾਅਦ ਬਾਦਲ ਧੜੇ ਲਈ ਦਿੱਲੀ ਵਿੱਚ ਨਵਾਂ ਆਗੂ ਲੱਭਣ ’ਚ ਮੁਸ਼ਕਲ ਆ ਰਹੀ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਸਾਥੀ ਅਵਤਾਰ ਸਿੰਘ ਹਿੱਤ, ਇਸਤਰੀ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਵਾਲੀ ਰਣਜੀਤ ਕੌਰ (ਮੈਂਬਰ ਦਿੱਲੀ ਕਮੇਟੀ) ਨਾਲ ਮੁਲਾਕਾਤਾਂ ਕੀਤੀਆਂ। ਇਸੇ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਵੀ ਸ੍ਰੀ ਬਾਦਲ ਨੂੰ ਮਿਲੇ ਸਨ। ਜਾਣਕਾਰੀ ਮੁਤਾਬਕ ਬਾਦਲ ਧੜੇ ਨੂੰ ਦਿੱਲੀ ਵਿੱਚ ਮੁੜ ਸੁਰਜੀਤ ਕਰਨ ਲਈ 21 ਅਪਰੈਲ ਮਗਰੋਂ ਸਿਆਸੀ ਸਰਗਰਮੀ ਸ਼ੁਰੂ ਹੋ ਸਕਦੀ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਪਾਏਦਾਰ ਆਗੂ ਨਹੀਂ ਲੱਭ ਰਿਹਾ। ਅਵਤਾਰ ਸਿੰਘ ਹਿੱਤ ਦਾ ਬਹੁਤਾ ਆਧਾਰ ਰਾਮਗੜ੍ਹੀਆ ਭਾਈਚਾਰੇ ਤੱਕ ਸੀਮਿਤ ਸੀ ਪਰ ਹੁਣ ਇਸ ਭਾਈਚਾਰੇ ਵਿੱਚ ਵੀ ਨਵੀਂ ਲੀਡਰਸ਼ਿਪ ਉੱਭਰ ਆਈ ਹੈ ਜੋ ਬਹੁਤਾ ਕਰ ਕੇ ਬਾਦਲ ਪੱਖੀ ਨਹੀਂ ਹੈ। ‘ਆਪ’ ਨੇ ਹੁਣ ਵੱਡੀ ਸੰਨ੍ਹ ਲਾਈ ਹੈ। ਵੱਡੀ ਉਮਰ ਵੀ ਸ੍ਰੀ ਹਿਤ ਅੱਗੇ ਪ੍ਰੇਸ਼ਾਨੀ ਬਣ ਰਹੀ ਹੈ। ਬਾਦਲ ਧੜੇ ਤੇ ਸਰਨਾ ਧੜੇ ਦੇ ਕਾਰਕੁਨ ਇਹ ਮਹਿਸੂਸ ਕਰ ਰਹੇ ਹਨ ਕਿ ਆਪਸੀ ਸਿਆਸੀ ਖਿੱਚੋਤਾਣ ਕਾਰਨ ਨੁਕਸਾਨ ਹੋਇਆ ਤੇ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਅਤੇ ਸਾਥੀਆਂ ਦਾ ਉਭਾਰ ਹੋਇਆ। ਦਿੱਲੀ ਦੇ ਸ਼ਹਿਰੀ ਸਿੱਖ ਸੱਤਾਧਾਰੀ ਧਿਰ ਭਾਜਪਾ (ਕੇਂਦਰ) ਤੇ ‘ਆਪ’ (ਦਿੱਲੀ) ਨਾਲ ਜੁੜੇ ਰਹਿਣ ਨੂੰ ਤਰਜੀਹ ਦੇ ਰਹੇ ਹਨ। ਇਸ ਕਰਕੇ ਬਾਦਲ ਧੜੇ ਤੋਂ ਉਨ੍ਹਾਂ ਦਾ ਮੋਹ ਭੰਗ ਹੋਣ ਲੱਗਾ ਹੈ।