ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਸਨਅਤੀ ਇਲਾਕੇ ਵਿੱਚੋਂ ਮਜ਼ਦੂਰ ਵਰਗ ਦੇ ਵੱਡੇ ਕਾਫ਼ਲੇ ਵੱਲੋਂ ਸਿੰਘੂ ਬਾਰਡਰ ਦੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਸੀਟੂ’ ਦੀ ਸਥਾਨਕ ਇਕਾਈ ਦੇ ਆਗੂਆਂ ਦੀ ਅਗਵਾਈ ਹੇਠ ਚਮੜਾ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਦੇ ਮੁਲਾਜ਼ਮਾਂ ਨੇ ਮੋਰਚੇ ਵਿੱਚ ਮਾਰਚ ਕੀਤਾ ਤੇ ਕੇਂਦਰ ਸਰਕਾਰ ਨੂੰ ਤਾਨਾਸ਼ਾਹ ਗਰਦਾਨਦੇ ਹੋਏ ਕਾਰਪੋਰੇਟ ਦੇ ਹੱਕ ਵਿੱਚ ਝੁਕਣ ਵਾਲੀ ਦੱਸਿਆ। ਬੀਤੇ ਦਿਨਾਂ ਤੋਂ ਜਦੋਂ ਕਿਸਾਨਾਂ ਨੇ ਪਿੰਡਾਂ ਵਿੱਚ ਝੋਨਾ ਲਾਉਣਾ ਸ਼ੁਰੂ ਕੀਤਾ ਹੋਇਆ ਹੈ ਤਾਂ ਟਰੇਡ ਯੂਨੀਅਨਾਂ ਵੱਲੋਂ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਿੰਘੂ ਤੋਂ ਇਲਾਵਾ, ਟਿਕਰੀ ਤੇ ਗਾਜ਼ੀਪੁਰ ਵਿੱਚ ਵੀ ਟਰੇਡ ਯੂਨੀਅਨਾਂ ਦੇ ਕਾਰਕੁਨ ਸਰਗਰਮ ਹਨ। ਗਾਜ਼ੀਪੁਰ ਤਾਂ ਦੂਰ-ਦਰਾਜ ਦੇ ਸੂਬਿਆਂ ਤੋਂ ਵੀ ਕਿਸਾਨਾਂ ਦੇ ਵਫ਼ਦ ਪੁੱਜ ਚੁੱਕੇ ਹਨ।