ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਕਮੇਟੀ ਨੇ ਉਦਯਤ ਫਾਊਂਡੇਸ਼ਨ ਤੇ ਇੰਡੀਅਨ ਕੈਂਸਰ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਕੈਂਸਰ ਸਕਰੀਨਿੰਗ ਕੈਂਪ ਲਗਾਇਆ, ਜਿਸ ਵਿਚ ਦਿੱਲੀ ਤੇ ਦੂਰ-ਦੂਰ ਤੋਂ ਸੰਗਤਾਂ ਨੇ ਪਹੁੰਚ ਕੇ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਜਾਂਚ ਕਰਵਾਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ, ਐੱਚ.ਐੱਸ ਭਾਟੀਆ, ਸੁੰਦਰ ਸਿੰਘ ਨਾਰੰਗ, ਗੁਰਿੰਦਰ ਸਿੰਘ ਬਾਵਾ, ਐੱਨ.ਐੱਸ ਭਾਟੀਆ, ਹਰਿੰਦਰ ਸਿੰਘ, ਪ੍ਰੀਤ ਪ੍ਰਤਾਪ ਸਿੰਘ, ਰਾਜਾ ਬਖਸ਼ੀ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਹਾਜ਼ਰ ਸੀ। ਹਰਮਨਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਪਹੁੰਚੇ ਲੋਕਾਂ ਦੀ ਜਾਂਚ ਲਈ ਡਾਕਟਰਾਂ ਦੀਆਂ ਵੱਖ-ਵੱਖ ਟੀਮਾਂ ਮੌਜੂਦ ਸਨ, ਜਿਨ੍ਹਾਂ ਵੱਲੋਂ ਛਾਤੀ ਦਾ ਐਕਸਰੇ, ਖੂਨ, ਕੰਨ, ਨੱਕ, ਗਲਾ, ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ। ਔਰਤਾਂ ਤੇ ਮਰਦਾਂ ਦੀ ਕੈਂਸਰ ਦੀ ਬਿਮਾਰੀ ਨਾਲ ਸਬੰਧਤ ਜਾਂਚ ਵੀ ਕੀਤੀ ਗਈ। ਇਸ ਕੈਂਪ ਵਿੱਚ 21 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਜਾਂਚ ਤੇ ਕੌਂਸਲਿੰਗ ਕੀਤੀ ਗਈ।