ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਫਰਵਰੀ
ਦਿੱਲੀ ਸਰਕਾਰ ਦੀ ਪੰਜਾਬੀ ਅਕੈਡਮੀ ਨੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮੌਕੇ ਆਨਲਾਈਨ ਅੰਤਰ-ਰਾਸ਼ਟਰੀ ਪੰਜਾਬੀ ਕਵੀ ਦਰਬਾਰ ਕੀਤਾ। ਇਸ ਮੌਕੇ ਛੇ ਦੇਸ਼ਾਂ ਦੇ ਪੰਜਾਬੀ ਕਵੀਆਂ ਨੇ ਹਿੱਸਾ ਲਿਆ। ਕਵੀ ਦਰਬਾਰ ਦੀ ਪ੍ਰਧਾਨਗੀ ਕਰਦਿਆਂ ਅਕੈਡਮੀ ਦੇ ਉਪ-ਪ੍ਰਧਾਨ ਹਰਸ਼ਰਨ ਸਿੰਘ ਬੱਲੀ ਨੇ ਸਾਰੇ ਜਗਤ ਨੂੰ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਦਿੱਲੀ ਦੇ ਪਰਿਵਾਰਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ‘ਮੈਂ ਪੰਜਾਬੀ-ਮੇਰੇ ਘਰ ਪੰਜਾਬੀ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਰਾਹੀਂ ਲੋਕਾਂ ਨੂੰ ਘਰਾਂ ਵਿਚ ਪੰਜਾਬੀ ਬੋਲਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਮਾਤ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਵਚਨਬਧ ਹੈ ਅਤੇ ਇਸ ਨੇ ਦਿੱਲੀ ਵਿਚ ਬੋਲੀਆਂ ਜਾ ਰਹੀਆਂ ਬਹੁਤੀਆਂ ਭਾਸ਼ਾਵਾਂ ਦੀ ਉਨਤੀ ਲਈ ਭਾਸ਼ਾ ਅਕਾਦਮੀਆਂ ਦੀ ਸਥਾਪਨਾ ਕੀਤੀ ਹੈ। ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਸਾਬਕਾ ਸਕੱਤਰ ਪ੍ਰੋਫੈਸਰ ਰਵੇਲ ਸਿੰਘ ਨੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਇਆ। ਕਵੀ ਦਰਬਾਰ ਵਿਚ ਕੈਨੇਡਾ ਤੋਂ ਪਰਮਜੀਤ ਦਿਓਲ, ਰਾਜਵੰਤ ਰਾਜ਼ ਅਤੇ ਬਲਵੀਰ ਕੌਰ ਢਿਲੋਂ, ਇੰਗਲੈਂਡ ਤੋਂ ਦਲਵੀਰ ਕੌਰ ਵੁਲਵਰਹੈਂਪਟਨ, ਰਾਜਿੰਦਰਜੀਤ ਅਤੇ ਬਲਵਿੰਦਰ ਸਿੰਘ ਚਾਹਲ, ਇਟਲੀ ਤੋਂ ਦਲਜਿੰਦਰ ਸਿੰਘ ਰਹਿਲ, ਜਰਮਨੀ ਤੋਂ ਪਵਨ ਪਰਵਾਸੀ ਅਤੇ ਬੈਲਜੀਅਮ ਤੋਂ ਜੀਤ ਸੁਰਜੀਤ ਨੇ ਆਪਣੀ ਸੱਜਰੀਆਂ ਰਚਨਾਵਾਂ ਸੁਣਾਈਆਂ। ਆਪੋ ਆਪਣੀਆਂ ਰਚਨਾਵਾਂ ਵਿਚ ਮਾਤਰ ਭੂਮੀ ਪੰਜਾਬ ਦੀ ਧਰਤੀ ਅਤੇ ਮਾਂ ਬੋਲੀ ਪੰਜਾਬੀ ਨੂੰ ਯਾਦ ਕਰਦਿਆਂ ਇਸ ਪ੍ਰਤੀ ਹੇਰਵੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੁਲਾਰਿਆਂ ਨੇ ਅਜਿਹੇ ਕਵੀ ਦਰਬਾਰ ਹੋਰ ਕਰਨ ਲਈ ਵੀ ਭਰੋਸਾ ਪ੍ਰਗਟਾਇਆ। ਇਸ ਵਿੱਚ ਕਾਰਜਕਾਰੀ ਸਕੱਤਰ ਰਾਜਿੰਦਰ ਕੁਮਾਰ ਅਕੈਡਮੀ ਦੇ ਮੈਂਬਰ ਤੇਜਿੰਦਰਪਾਲ ਸਿੰਘ, ਨਿਧੀ ਸ਼ਰਮਾ, ਹਨੀ ਚੱਢਾ, ਕੰਚਨ ਭੂਪਲ ਅਤੇ ਮਨਜੀਤ ਕੌਰ ਸ਼ਾਮਲ ਹੋਏ।