ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਮਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪਹਿਲੀ ਮਈ ਦਾ ਦਿਹਾੜਾ ਵੱਖ ਵੱਖ ਮੋਰਚਿਆਂ ’ਤੇ ਦੇਸ਼ ਪੱਧਰ ਦੀਆਂ ਅਤੇ ਪੰਜਾਬ ਹਰਿਆਣਾ ਦੀਆਂ ਟਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸਿੰਘੂ ਬਾਰਡਰ ਦੀ ਸਟੇਜ ਤੇ ਆਲ ਇੰਡੀਆ ਟਰੇਡ ਯੂਨੀਅਨ (ਏਟਕ) ਦੀ ਸਕੱਤਰ ਭੈਣ ਜੀ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਵਧਾਈ ਦਿੰਦਿਆਂ ਗੁਰੂ ਤੇਗ ਬਹਾਦਰ ਦੇ 400 ਵੇਂ ਪ੍ਰਕਾਸ਼ ਦਿਹਾੜੇ ’ਤੇ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਏਕਤਾ ਮਜ਼ਬੂਤ ਕਰਕੇ ਇਸ ਦੇਸ਼ ਦੇ ਹਾਕਮ ਨਰਿੰਦਰ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵਾਪਿਸ ਕਰਵਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਕੌਮਾਂਤਰੀ ਮਜ਼ਦੂਰ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਮੌਕੇ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਚੰਡੀਗੜ੍ਹ ਵਲੋਂ ਦਿੱਲੀ ਸਥਿਤ ਸਿੰਘੂ ਬਾਰਡਰ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਨਾਲ਼ ਹੀ ਹਿੰਦ ਦੀ ਚਾਦਰ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸੂਬਾ ਵਿੱਤ ਸਕੱਤਰ ਗੁਰਵਿੰਦਰ ਸਿੰਘ ਚੰਡੀਗੜ੍ਹ ਅਤੇ ਪ.ਸ.ਸ. ਫ.ਜਲੰਧਰ ਦੇ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ ਨੇ ਕਿਹਾ ਮੌਜੂਦਾ ਸਮੇਂ ਦੇਸ਼ ਦੇ ਹਾਕਮਾਂ ਦਾ ਵਤੀਰਾ ਕਿਰਤੀ ਲੋਕਾਂ ਪ੍ਰਤੀ ਪੂਰਨ ਤੌਰ ’ਤੇ ਗੈਰ ਜ਼ਿੰਮੇਵਾਰੀ ਵਾਲਾ ਹੈ। ਇੱਕ ਪਾਸੇ ਜਿੱਥੇ ਕਿਰਤੀ ਲੋਕਾਂ ਵਲੋਂ ਸੰਘਰਸ਼ਾਂ ਦੇ ਬਲਬੂਤੇ ’ਤੇ ਪ੍ਰਾਪਤ ਸਹੂਲਤਾਂ ਨੂੰ ਕੰਮ ਦੇ ਘੰਟਿਆਂ ਨੂੰ 8 ਤੋਂ 12 ਘੰਟੇ ਤੱਕ ਵਧਾ ਕੇ ਮੁੜ 1886 ਤੋਂ ਪਹਿਲਾਂ ਵਾਲੀ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। ਕਿਰਤੀ ਲੋਕਾਂ ਤੋਂ ਆਪਣੀਆਂ ਜ਼ਾਇਜ ਅਤੇ ਹੱਕੀ ਮੰਗਾਂ ਲਈ ਯੂਨੀਅਨ ਬਣਾ ਕੇ ਆਵਾਜ਼ ਉਠਾਉਣ ਦਾ ਹੱਕ ਵੀ ਖੋਹ ਲਿਆ ਹੈ। ਕਿਰਤੀ ਲੋਕ ਅੱਜ ਦੋ ਸਮੇਂ ਦੀ ਰੋਟੀ ਤੋਂ ਵੀ ਆਤੁਰ ਹੋਏ ਪਏ ਹਨ।ਦੂਜੇ ਪਾਸੇ ਦੇਸ਼ ਦੇ ਮੌਜੂਦਾ ਹੁਕਮਰਾਨਾਂ ਵਲੋਂ ਕਾਰਪੋਰੇਟ ਘਰਾਣਿਆਂ ਅਤੇ ਉਦਯੋਗਿਕ ਘਰਾਣਿਆਂ ਨੂੰ ਦੇਸ਼ ਦੇ ਕੁਦਰਤੀ ਸੋਮਿਆਂ ਅਤੇ ਪਬਲਿਕ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਲੁਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦਾ ਨਤੀਜਾ ਹੈ ਕਿ ਕਿਸਾਨਾਂ ਤੇ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਜਬਰੀ ਠੋਸਿਆ ਜਾ ਰਿਹਾ ਹੈ। ਇਸ ਮੌਕੇ ਕੁਲਦੀਪ ਸਿੰਘ ਕੌੜਾ, ਬੂਟਾ ਰਾਮ ਅਕਲਪੁਰ, ਕੁਲਵੰਤ ਰਾਮ ਰੁੜਕਾ, ਅਸ਼ੋਕ ਕੁਮਾਰ, ਦੇਵ ਰਾਜ, ਤਰਸੇਮ ਲਾਲ ਦੱਪਰ, ਅਮਨਦੀਪ ਸਿੰਘ, ਹਰਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਹੋਏ।
ਸੀਟੀਯੂ ਅਤੇ ਟੀਐਸਯੂ ਦੀ ਅਗਵਾਈ ਹੇਠ ਮਜ਼ਦੂਰ ਪੁੱਜੇ ਸਿੰਘੂ ਬਾਰਡਰ: ਸੈਂਟਰ ਆਫ ਟਰੇਡ ਯੂਨੀਅਨ (ਸੀ ਟੀ ਯੂ ) ਅਤੇ ਟੈਕਨੀਕਲ ਸਰਵਿਸ ਯੂਨੀਅਨ (ਟੀ ਐਸ ਯੂ) ਵੱਲੋਂ ਮਈ ਦਿਵਸ ਉਤੇ ਮਜ਼ਦੂਰ ਕਿਸਾਨ ਏਕਤਾ ਦਿਨ ਮਨਾਉਣ ਲਈ ਵੱਡੀ ਗਿਣਤੀ ਮਜ਼ਦੂਰ ਮਲਾਜ਼ਮ ਸਿੰਘੂ ਬਾਰਡਰ ਪੁੱਜੇ। ਉਨ੍ਹਾਂ ਦੀ ਅਗਵਾਈ ਸੀ ਟੀ ਯੂ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ, ਸੂਬਾਈ ਆਗੂ ਗੰਗਾ ਪਰਸਾਦ, ਸ਼ਿਵ ਕੁਮਾਰ, ਪਠਾਨਕੋਟ, ਜਗਤਾਰ ਸਿੰਘ ਕਰਮਪੁਰਾ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਖੰਨਾ ਆਦਿ ਆਗੂਆਂ ਨੇ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕਲਵੰਤ ਸਿੰਘ ਸੰਧੂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਮਜ਼ਦੂਰ ਕਿਸਾਨ ਏਕਤਾ ਨਾਲ ਹੀ ਹਰਾਇਆ ਜਾ ਸਕਦਾ ਹੈ। ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਸੂਬਾਈ ਖਜ਼ਾਨਚੀ ਜਸਵਿੰਦਰ ਸਿੰਘ ਢੇਸੀ, ਨੌਜਵਾਨ ਆਗੂ ਧਰਮਿੰਦਰ ਸਿੰਘ ਨੇ ਸੰਬੋਧਨ ਕੀਤਾ।
ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਭੰਡਿਆ
ਮਜ਼ਦੂਰ ਦਿਹਾੜੇ ’ਤੇ ਟਿੱਕਰੀ ਬਾਰਡਰ ਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਨੇ ਟਿਕਰੀ ਸਟੇਜ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਤਿੰਨ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ‘ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਖਿਲਾਫ਼ ਦੇਸ਼ ਅੰਦਰ ਮਜ਼ਦੂਰ ਕਿਸਾਨ ਏਕਤਾ ਸਮੇਂ ਦੀ ਅਹਿਮ ਲੋੜ ਹੈ। ਅੱਜ ਬੇਜ਼ਮੀਨੇ ਦਲਿਤਾਂ ਤੇ ਮਜ਼ਦੂਰਾਂ ਦਾ 1 ਮਈ ਦੇ ਮਜ਼ਦੂਰ ਦਿਹਾੜੇ ਤੇ ਕਾਲੇ ਕਾਨੂੰਨਾਂ ਖਿਲਾਫ਼ ਮਜ਼ਦੂਰ ਕਿਸਾਨ ਏਕਤਾ ਨੂੰ ਮਜ਼ਬੂਤ ਕਰਨ ਲਈ ਵੱਡਾ ਜਥਾ ਪਹੁੰਚਿਆ। ਅੱਜ ਦੀ ਟਿਕਰੀ ਬਾਰਡਰ ਦੀ ਸਟੇਜ ਦੀ ਪ੍ਰਧਾਨਗੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਕਾਮਰੇਡ ਮੱਖਣ ਸਿੰਘ ਰਾਮਗੜ੍ਹ, ਸਤਨਾਮ ਸਿੰਘ ਫਰੀਦਕੋਟ, ਮਨਜੀਤ ਕੌਰ ਜੋਗਾ, ਕ੍ਰਿਸ਼ਨਾ ਕੌਰ ਮਾਨਸਾ, ਪ੍ਰਿਤਪਾਲ ਰਾਮਪੁਰਾ ਨੇ ਕੀਤੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ, ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਬੀਬੀ ਪਰਮਜੀਤ ਕੌਰ ਮੁੱਦਕੀ, ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਘੁਮੰਡ ਭਰੀ ਸੋਚ ਦੇਸ਼ ਨੂੰ ਬਰਬਾਦੀ ਵੱਲ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀ ਜ਼ਮੀਨਾਂ ਖੋਹਣ ਤੋਂ ਪਹਿਲਾਂ ਇਹਨਾਂ ਕਾਰਪੋਰੇਟ ਘਰਾਣਿਆ ਦੀਆਂ ਪ੍ਰਾਈਵੇਟ ਫ਼ਾਇਨਾਂਸ ਕੰਪਨੀਆਂ ਨੇ ਦੇਸ਼ ਦੀਆਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਤਾਂ ਪਹਿਲਾਂ ਹੀ ਕਰਜ਼ੇ ਵਿੱਚ ਗੁਲਾਮ ਬਣਾ ਰੱਖਿਆ ਹੈ।ਇਸ ਲਈ ਕਾਲੇ ਕਾਨੂੰਨਾਂ ਦੇ ਨਾਲ ਗਰੀਬਾਂ ਨੂੰ ਕਰਜ਼ੇ ਤੋਂ ਮੁਕਤ ਕਰਾਉਣ ਲਈ ਵੀ ਜੰਗ ਤੇਜ਼ ਕਰਨੀ ਪੈਣੀ ਹੈ।