ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਦਿੱਲੀ ਸਰਕਾਰ ਦੇ ਅਬਕਾਰੀ ਮਹਿਕਮੇ ਵੱਲੋਂ ਰਾਜਧਾਨੀ ਦੇ ਹੋਟਲਾਂ, ਕਲੱਬਾਂ ਤੇ ਰੈਸਤਰਾਂ (ਐਚਸੀਆਰ ਸ਼੍ਰੇਣੀ) ਨੂੰ ਗ਼ੈਰ-ਕਾਨੂੰਨੀ ਨਸ਼ੇ ਤੇ ਮਾਨਸਿਕ ਸਥਿਰਤਾ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਨਸ਼ੀਲੀਆਂ ਵਸਤਾਂ ਦੀ ਉੱਥੇ ਵਰਤੋਂ ਨਾ ਕਰਨ ਵਾਲੇ ਚਿਤਾਵਨੀ ਬੋਰਡ ਲਾਉਣ ਦੀ ਹਦਾਇਤ ਕੀਤੀ ਗਈ ਹੈ। ਜੋ ਹੋਟਲ, ਕਲੱਬ ਤੇ ਰੈਸਤਰਾਂ ਇਸ ਦਾ ਪਾਲਣ ਨਹੀਂ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਥਾਵਾਂ ’ਤੇ ਨਸ਼ੀਲੀਆਂ ਵਸਤਾਂ ਦੀ ਖ਼ਪਤ ਕਰਨ ਤੇ ਤਸਕਰੀ ਦੀ ਮਨਾਹੀ ਹੈ, ਅਜਿਹਾ ਕਰਨ ’ਤੇ ਕੈਦ ਤੇ ਜੁਰਮਾਨਾ ਕੀਤਾ ਜਾਵੇਗਾ, ਦੇ ਬੋਰਡ ਲਾ ਕੇ ਮਹਿਕਮੇ ਨੂੰ ਦਸਤਾਵੇਜ਼ ਵੀ ਜਮ੍ਹਾਂ ਕਰਵਾਉਣੇ ਪੈਣਗੇ। ਇਸ ਤਰ੍ਹਾਂ ਹੋਟਲਾਂ, ਕਲੱਬਾਂ ਤੇ ਰੈਸਤਰਾਂ ਵਿੱਚ ਗ਼ੈਰ-ਕਾਨੂੰਨੀ ਨਸ਼ੇ ਕਰਵਾਉਣ ਵਾਲੇ ਪ੍ਰਬੰਧਕਾਂ ਜਾਂ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਬਕਾਰੀ ਮਹਿਕਮੇ ਅਨੁਸਾਰ ਜਾਰੀ ਸਰਕੂਲਰ ਤਹਿਤ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਬੋਰਡ ਉੱਥੇ ਆਉਣ ਵਾਲਿਆਂ ਨੂੰ ਨਾਜਾਇਜ਼ ਨਸ਼ਿਆਂ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕਰਨਗੇ।
ਨਵੀਂ ਆਬਕਾਰੀ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਪਿਛਲੇ ਸਾਲ ਤੋਂ ਸ਼ਹਿਰ ’ਚ ਹੋਟਲਾਂ, ਕਲੱਬਾਂ, ਰੈਸਟੋਰੈਂਟਾਂ ਵਿੱਚ ਸ਼ਰਾਬ ਪਰੋਸਣ ਵਾਲੇ ਸਥਾਨਾਂ ਦੀ ਗਿਣਤੀ ’ਚ 10 ਫ਼ੀਸਦੀ ਦਾ ਵਾਧਾ ਹੋਇਆ ਹੈ। ਆਬਕਾਰੀ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਛੇ ਮਈ ਤੱਕ ‘ਐਚਸੀਆਰ ਸ਼੍ਰੇਣੀ’ ਦੇ ਅਹਾਤਿਆਂ ਦੀ ਕੁੱਲ ਸੰਖਿਆ 964 ਸੀ, ਜਿਸ ’ਚ 162 ਹੋਟਲ, 698 ਰੈਸਟੋਰੈਂਟ ਅਤੇ 48 ਕਲੱਬਾਂ ਤੋਂ ਇਲਾਵਾ ਕੁਝ ਦਾਅਵਤ ਅਤੇ ਸ਼ਰਾਬ ਪਾਰਟੀ ਹਾਲ, ਭਾਰਤੀ ਤੇ ਵਿਦੇਸ਼ੀ ਸੇਵਾ ਲਈ ਲਾਇਸੈਂਸਸ਼ੁਦਾ ਮੋਟਲ ਤੇ ਫਾਰਮ ਹਾਊਸ ਸ਼ਾਮਲ ਸਨ।