ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਆਪਣੇ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਬਕਾ ਕੌਂਸਲਰਾਂ ਦੇ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਦੇ ਕੌਂਸਲਰਾਂ ਦੀ ਮਿਆਦ ਦੋ ਮਹੀਨੇ ਪਹਿਲਾਂ ਖ਼ਤਮ ਹੋ ਗਈ ਸੀ। ਵਪਾਰੀਆਂ ਦੀਆਂ ਐਸੋਸੀਏਸ਼ਨਾਂ ਦੀਆਂ ਪਹਿਲ ਦੇ ਆਧਾਰ ’ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਲੋਕਾਂ ਦੀਆਂ ਨਜ਼ਰਾਂ ’ਚ ਐੱਮਸੀਡੀ ਦਾ ਅਕਸ ਸੁਧਾਰਿਆ ਜਾ ਸਕੇ। ਐੱਮਸੀਡੀ ਨੇ ਪਾਣੀ ਦੀ ਨਿਕਾਸੀ ਅਤੇ ਰੱਖ-ਰਖਾਅ ਜਾਂ ਸੁਧਾਰ ਦੇ ਕੰਮ ਟੋਏ, ਖਰਾਬ ਬਲੈਕ ਟਾਪ, ਖਰਾਬ ਫੁੱਟਪਾਥ, ਖਰਾਬ ਕੇਂਦਰੀ ਕਿਨਾਰੇ, ਸਟਰੀਟ ਲਾਈਟਾਂ ਆਦਿ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਹੁਕਮ ਦਿੱਤੇ ਹਨ। ਬਰਸਾਤ ਦੇ ਮੌਸਮ ਦੌਰਾਨ ਗਿੱਲੇ ਕੂੜੇ ਤੋਂ ਨਿਕਲਣ ਵਾਲੀ ਬਦਬੂ ਕਾਰਨ ਕੂੜਾ ਡੰਪਾਂ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਿਸ ਵੱਲ ਤੁਰੰਤ ਧਿਆਨ ਲਈ ਕਿਹਾ ਗਿਆ ਹੈ।
ਐੱਮਸੀਡੀ ਨੇ ਲਿਖਿਆ ਕਿ ਕਾਰਪੋਰੇਸ਼ਨ ਭੰਗ ਹੋਣ ਦੇ ਨਤੀਜੇ ਵਜੋਂ ਸਦਨ ਦੇ ਮੈਂਬਰਾਂ ਦੀ ਹੋਂਦ ਖਤਮ ਹੋ ਗਈ ਹੈ। ਪਹਿਲਾਂ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਨਗਰ ਕੌਂਸਲਰ ਨਾਲ ਗੱਲਬਾਤ ਦੌਰਾਨ ਐੱਮ.ਸੀ.ਡੀ. ਸਟਾਫ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋ ਰਿਹਾ। ਐੱਮਸੀਡੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਸਬੰਧਤ ਡਿਵੀਜ਼ਨਾਂ/ਸਰਕਲਾਂ ਦੇ ਅਧਿਕਾਰ ਖੇਤਰਾਂ ਵਿੱਚ ਸਿਵਲ ਸੇਵਾਵਾਂ ਵਿਗੜਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸਾਰੇ ਸਟਾਫ਼ ਨੂੰ ਸਾਬਕਾ ਨਗਰ ਕੌਂਸਲਰਾਂ, ਵਿਧਾਇਕਾਂ, ਸੰਸਦ ਮੈਂਬਰਾਂ, ਆਰਡਬਲਯੂਏਐੱਸ ਅਤੇ ਮਾਰਕੀਟ ਦੇ ਪ੍ਰਤੀਨਿਧਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਨਿਰਦੇਸ਼ ਦਿੱਤਾ ਗਿਆ ਹੈ।