ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਮਈ
ਦਿੱਲੀ ਪੁਲੀਸ ਕ੍ਰਾਈਮ ਬ੍ਰਾਂਚ ਵਲੋਂ ਚੋਰੀਆਂ ਦੇ ਸਬੰਧ ‘ਚ ਦਰਜ ਈ-ਐਫਆਈਆਰਜ਼ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਲਗਪਗ 80% ਕੇਸ ਮੋਬਾਈਲ ਫੋਨ, ਪਾਣੀ ਤੇ ਬਿਜਲੀ ਦੇ ਮੀਟਰਾਂ, ਮੋਟਰਾਂ ਤੇ ਸੀਵਰ ਦੇ ਢੱਕਣਾਂ ਦੀ ਚੋਰੀ ਨਾਲ ਸਬੰਧਤ ਹਨ। ਦਿੱਲੀ ਪੁਲੀਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਸਾਰੇ 15 ਡੀਸੀਪੀਜ਼ ਨੂੰ ਹੁਣ ਕਾਰਵਾਈ ਦੀ ਯੋਜਨਾ ਬਣਾਉਣ ਤੇ ਅਜਿਹੀਆਂ ਛੋਟੀਆਂ ਚੋਰੀਆਂ ਨੂੰ ਰੋਕਣ ਲਈ ਸਥਾਨਕ ਸਕਰੈਪ ਡੀਲਰਾਂ ‘ਤੇ ਨਜ਼ਰ ਰੱਖਣ ਲਈ ਕਿਹਾ ਹੈ।
ਇਹ ਗੱਲ ਦਿੱਲੀ ਪੁਲੀਸ ਹੈੱਡਕੁਆਰਟਰ ਵਿਚ ਅਪਰਾਧ ਸਮੀਖਿਆ ਮੀਟਿੰਗ ਦੌਰਾਨ ਚਰਚਾ ਲਈ ਆਈ ਜਿਸ ‘ਚ ਪੁਲੀਸ ਕਮਿਸ਼ਨਰ ਦੇ ਨਾਲ ਵਿਸ਼ੇਸ਼ ਸੀ.ਪੀ., ਸੰਯੁਕਤ ਸੀਪੀ ਤੇ ਡੀਸੀਪੀ ਸ਼ਾਮਲ ਸਨ। ਇਸ ਸਾਲ 20 ਅਪਰੈਲ ਤੱਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1,578 ਕੇਸਾਂ ਦੇ ਮੁਕਾਬਲੇ 4,479 ਮਾਮਲੇ ਸਾਹਮਣੇ ਆਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਵੱਧ ਮਾਮਲੇ ਦਵਾਰਕਾ (749) ‘ਚ ਸਾਹਮਣੇ ਆਏ ਹਨ, ਇਸ ਤੋਂ ਬਾਅਦ ਉੱਤਰ ਪੱਛਮੀ ਦਿੱਲੀ ‘ਚ 471, ਦੱਖਣ-ਪੂਰਬੀ ਦਿੱਲੀ ‘ਚ 457, ਬਾਹਰੀ ਦਿੱਲੀ ‘ਚ 421 ਤੇ ਦੱਖਣੀ ਦਿੱਲੀ ‘ਚ 363 ਹਨ। 4,479 ਕੇਸਾਂ ਵਿੱਚੋਂ ਪੁਲੀਸ ਨੇ 1,379 ਕੇਸਾਂ ਨੂੰ ਹੱਲ ਕੀਤਾ ਹੈ, ਪਰ ਚੋਰੀ ਹੋਏ ਸਾਮਾਨ ਦੀ ਬਰਾਮਦਗੀ ਸਿਰਫ 702 ਕੇਸਾਂ ‘ਚ ਕੀਤੀ ਗਈ ਹੈ। ਕ੍ਰਾਈਮ ਬ੍ਰਾਂਚ ਨੇ ਪਾਇਆ ਕਿ ਅਜਿਹੀਆਂ ਚੋਰੀਆਂ ਅਕਸਰ ਨਸ਼ੇੜੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ। ਅਸਥਾਨਾ ਨੇ ਡੀਸੀਪੀਜ਼ ਨੂੰ ਕਾਰਵਾਈ ਦੀ ਯੋਜਨਾ ਬਣਾਉਣ ਲਈ ਕਿਹਾ ਹੈ।