ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ 13 ਮਈ ਤੋਂ 13 ਜੂਨ ਤੱਕ ਖੁੱਲ੍ਹੇ ਵਿੱਚ ਸਾੜ ਵਿਰੋਧੀ ਮੁਹਿੰਮ ਨੂੰ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਦਿੱਲੀ ਵਿੱਚ ‘ਸਮਰ ਐਕਸ਼ਨ ਪਲਾਨ’ ਤਹਿਤ ਸ਼ੁਰੂ ਕੀਤੀ ਖੁੱਲ੍ਹੇ ਵਿੱਚ ਸਾੜਨ ਵਿਰੋਧੀ ਮੁਹਿੰਮ ਦੇ ਪਹਿਲੇ ਪੜਾਅ ਦੀ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਇਸ ਮੁਹਿੰਮ ਤਹਿਤ 5241 ਥਾਵਾਂ ਦਾ ਨਿਰੀਖਣ ਕੀਤਾ ਗਿਆ। ਇਸ ਦੇ ਨਾਲ ਹੀ 23 ਲੋਕਾਂ/ਸੰਸਥਾਵਾਂ ਨੂੰ ਨੋਟਿਸ ਦਿੱਤਾ ਗਿਆ ਤੇ 6 ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਗੋਪਾਲ ਰਾਏ ਨੇ ਕਿਹਾ ਕਿ ਸ਼ੁਰੂ ਕੀਤੀ ਗਈ ਮੁਹਿੰਮ ਦੇ ਪਹਿਲੇ ਪੜਾਅ ਦਾ ਅੱਜ ਆਖਰੀ ਦਿਨ ਹੈ। ਦਿੱਲੀ ਵਿੱਚ ਸ਼ਰੇਆਮ ਪਰਾਲੀ ਸਾੜਨ ਦੇ ਮਾਮਲਿਆਂ ਦੇ ਮੱਦੇਨਜ਼ਰ 13 ਮਈ ਤੋਂ 13 ਜੂਨ ਤੱਕ ਖੁੱਲ੍ਹੇ ਵਿੱਚ ਸਾੜਨ ਵਿਰੋਧੀ ਮੁਹਿੰਮ ਨੂੰ ਵਧਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।