ਨਵੀਂ ਦਿੱਲੀ, 21 ਜੂਨ
ਦਿੱਲੀ ਵਿਚ ਕਈ ਕੈਦੀਆਂ ਤੇ ਜੇਲ੍ਹ ਸਟਾਫ਼ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ’ਤੇ ਹਾਈ ਕੋਰਟ ਦੀ ਅਗਵਾਈ ਵਾਲੀ ਉੱਚ ਤਾਕਤੀ ਕਮੇਟੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਕਮੇਟੀ ਨੇ ਆਈਸੋਲੇਸ਼ਨ ਵਾਰਡ ਬਣਾਉਣ ਤੇ ਰੈਪਿਡ ਟੈਸਟ ਕਰਨ ਦੀ ਹਦਾਇਤ ਜਾਰੀ ਕੀਤੀ ਹੈ ਤਾਂ ਕਿ ਵਾਇਰਸ ਹੋਰਨਾਂ ਕੈਦੀਆਂ ਤੱਕ ਨਾ ਫੈਲੇ।
ਦਿੱਲੀ ਹਾਈ ਕੋਰਟ ਦੀ ਕਮੇਟੀ ਦੀ ਅਗਵਾਈ ਜਸਟਿਸ ਹਿਮਾ ਕੋਹਲੀ ਕਰ ਰਹੇ ਹਨ। ਉਨ੍ਹਾਂ ਜੇਲ੍ਹ ਅਥਾਰਿਟੀ ਨੂੰ ਵਾਧੂ ਸਾਵਧਾਨੀ ਵਰਤਣ ਲਈ ਕਿਹਾ ਹੈ। ਕਮੇਟੀ ਮੁਤਾਬਕ 55 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਲਈ ਜ਼ਿਆਦਾ ਸਾਵਧਾਨੀ ਵਰਤੀ ਜਾਵੇ। ਜ਼ਿਕਰਯੋਗ ਹੈ ਕਿ ਇਕ 62 ਸਾਲਾ ਕੈਦੀ ਦੀ ਨੀਂਦ ਦੌਰਾਨ ਮੌਤ ਹੋ ਗਈ ਸੀ ਤੇ ਮਗਰੋਂ ਉਹ ਕੋਵਿਡ-19 ਨਾਲ ਪੀੜਤ ਪਾਇਆ ਗਿਆ ਸੀ। ਕਮੇਟੀ ਨੇ ਕਿਹਾ ਹੈ ਕਿ 18-21 ਸਾਲ ਦੇ ਨਵੇਂ ਕੈਦੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇ।
ਇਸ ਤੋਂ ਇਲਾਵਾ ਦਿੱਲੀ ਦੇ ਡੀਜੀ (ਜੇਲ੍ਹਾਂ) ਤੇ ਵਿਸ਼ੇਸ਼ ਸਕੱਤਰ (ਗ੍ਰਹਿ) ਨੂੰ ਕਿਹਾ ਗਿਆ ਹੈ ਕਿ ਮੰਡੋਲੀ ਜੇਲ੍ਹ ਵਿਚ ਖ਼ਾਲੀ ਪਏ 360 ਪੁਲੀਸ ਕੁਆਰਟਰਾਂ ਨੂੰ ਆਰਜ਼ੀ ਜੇਲ੍ਹ ਵਜੋਂ ਵਰਤਿਆ ਜਾ ਸਕਦਾ ਹੈ। ਇੱਥੇ ਨਵੇਂ ਕੈਦੀਆਂ ਤੇ ਕੋਵਿਡ ਪਾਜ਼ੇਟਿਵ ਕੇਸਾਂ ਲਈ ਆਈਸੋਲੇਸ਼ਨ ਵਾਰਡ ਬਣਾਏ ਜਾ ਸਕਦੇ ਹਨ। -ਪੀਟੀਆਈ