ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਨਵੰਬਰ
ਬਵਾਨਾ ਦੀ ਇੱਕ ਪਟਾਕਾ ਫੈਕਟਰੀ ਦੇ ਮਾਲਕ ਨੂੰ 34 ਲੱਖ ਰੁਪਏ ਮ੍ਰਿਤਕ 17 ਮੁਲਾਜ਼ਮਾਂ ਦੇ ਵਾਰਸਾਂ ਨੂੰ ਦੇਣ ਲਈ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਸਥਾਨਕ ਅਦਾਲਤ ਵੱਲੋਂ ਹਦਾਇਤ ਕੀਤੀ ਗਈ ਹੈ। ਫੈਕਟਰੀ ਵਿੱਚ ਵਿੱਚ 20 ਜਨਵਰੀ 2018 ਨੂੰ ਅੱਗ ਲੱਗਣ ਦੀ ਵਾਪਰੀ ਘਟਨਾ ਵਿੱਚ 17 ਮਜ਼ਦੂਰ ਮਾਰੇ ਗਏ ਸਨ, ਜਿਨ੍ਹਾਂ ਦੇ ਪਰਿਵਾਰਾਂ ਨੂੰ ਉਕਤ ਰਕਮ ਵਿੱਚੋ ਦੋ-ਦੋ ਲੱਖ ਰੁਪਏ ਦਿੱਤੇ ਜਾਣਗੇ। ਇਹ ਰਕਮ ਦੋ ਕਿਸ਼ਤਾਂ ਵਿੱਚ ਨਵੰਬਰ ਤੇ ਜਨਵਰੀ ਮਹੀਨਿਆਂ ਦੌਰਾਨ ਦਿੱਤੀ ਜਾ ਸਕੇਗੀ। ਉਕਤ ਫੈਕਟਰੀ ਵਿੱਚ ਪਟਾਕੇ ਬਣਾਉਣ ਦੌਰਾਨ ਅੱਗ ਲੱਗ ਗਈ ਸੀ ਜਿਸ ਵਿੱਚ 16 ਮਜ਼ਦੂਰ ਜਿਨ੍ਹਾਂ ਵਿੱਚ ਇੱਕ 13 ਸਾਲ ਦੀ ਬੱਚੀ ਵੀ ਸ਼ਾਮਲ ਸੀ ਜਿੰਦਾ ਸੜ ਗਏ ਸਨ। ਅਦਾਲਤ ਵੱਲੋਂ ਫੈਕਟਰੀ ਮਾਲਕ ਮਨੋਜ ਜੈਨ ਨੂੰ ਮੁਆਵਜ਼ਾ ਜਮ੍ਹਾਂ ਕਰਵਾਉਣ ਦੇ ਹੁਕਮ ਦੇਣ ਮਗਰੋਂ ਜ਼ਮਾਨਤ ਦੇ ਦਿੱਤੀ ਸੀ। ਪੁਲੀਸ ਵੱਲੋਂ ਧਮਾਕਾਖੇਜ਼ ਸਮੱਗਰੀ ਦੀਆਂ ਧਾਰਾਵਾਂ ਹੇਠ ਮੁੱਕਦਮਾ ਦਰਜ ਕਰਕੇ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਿੱਚ ਪਟਾਕੇ ਬਣਾਉਣ, ਚਲਾਉਣ ਤੇ ਭੰਡਾਰ ਕਰਨ ਦੀ ਮਨਾਹੀ ਕਰ ਦਿੱਤੀ ਹੋਈ ਹੈ।