ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਉਹ ਜਨਤਾ ਦੀ ਹਰ ਸਮੱਸਿਆ ਨੂੰ ਹੱਲ ਕਰਨ ਜਾਂ ਜਵਾਬ ਦੇਣ ਦੀ ਬਜਾਏ ਭੱਜਣ ਦਾ ਕੰਮ ਕਰਦੇ ਹਨ, ਕੇਜਰੀਵਾਲ ਨੂੰ ਦੇਖਦਿਆਂ ਲੋਕਾਂ ਨੇ ਵੀ ਇਹ ਫੈਸਲਾ ਕਰ ਲਿਆ ਹੈ ਕਿ ਇਸ ਵਾਰ ਕੇਜਰੀਵਾਲ ਨੂੰ ਦਿੱਲੀ ਤੋਂ ਬਾਹਰ ਕੱਢਣਾ ਪਵੇਗਾ। ਪ੍ਰੈੱਸ ਕਾਨਫਰੰਸ ਵਿੱਚ ਆਦੇਸ਼ ਗੁਪਤਾ ਨੇ ਕਿਹਾ ਕਿ ਬੀਤੇ ਦਿਨ ਦਿੱਲੀ ਦੇ ਮਹੱਤਵਪੂਰਨ ਸ਼ਹਿਰੀ ਕੇਂਦਰ ਨਵੀਂ ਦਿੱਲੀ ਨਗਰ ਕੌਂਸਲ ਦੀ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਭੱਜਣ ਦਾ ਕੰਮ ਕੀਤਾ। ਇਸ ਤੋਂ ਸਪੱਸ਼ਟ ਹੈ ਕਿ ਉਹ ਅਹੁਦੇ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਸਿਰਫ ਪ੍ਰਚਾਰ ਦੇ ਆਧਾਰ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਨਵੀਂ ਦਿੱਲੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਭਾਜਪਾ ਮੈਂਬਰ ਤੇ ਸੂਬਾ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ ਨੇ ਇੱਕ ਆਰਟੀਆਈ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੂੰ ਸਿੱਖਿਆ ਨਾਲ ਸਬੰਧਤ ਸਵਾਲ ਪੁੱਛੇ ਸਨ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਕੇਜਰੀਵਾਲ ਮੀਟਿੰਗ ਛੱਡ ਕੇ ਭੱਜ ਗਏ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਜਨਤਾ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਦਾ ਇਸ ਤਰ੍ਹਾਂ ਜਨਤਕ ਸਮੱਸਿਆਵਾਂ ਦਾ ਹੱਲ ਜਾਂ ਜਵਾਬ ਨਾ ਦੇਣਾ ਅਸਲ ਵਿੱਚ ਉਨ੍ਹਾਂ ਦਾ ਕਿਰਦਾਰ ਨੰਗਾ ਕਰਦਾ ਹੈ।
ਸੇਵਾ ਪਖਵਾੜਾ ਤਹਿਤ ਫੋਟੋ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਲਲਿਤ ਕਲਾ ਅਕਾਦਮੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਬਾਰੇ ਲਗਾਈ ਗਈ ਫੋਟੋ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਦੇ ਜਨਮ ਦਿਨ ਦੇ ਮੌਕੇ ਸ਼ੁਰੂ ਕੀਤੀ ਗਈ ‘ਸੇਵਾ ਪਖਵਾੜਾ’ ਤਹਿਤ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਗਈ। ਫੋਟੋ ਪ੍ਰਦਰਸ਼ਨੀ ਵਿੱਚ ਪ੍ਰਧਾਨ ਮੰਤਰੀ ਦੇ ਬਚਪਨ ਵਿੱਚ ਕੀਤੇ ਕੰਮਾਂ ਨੂੰ ਦਰਸਾਇਆ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਬਚਪਨ ਤੋਂ ਹੀ ਪ੍ਰਧਾਨ ਮੰਤਰੀ ਦਾ ਜੀਵਨ ਦੇਸ਼ ਅਤੇ ਸੇਵਾ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਰਜਾਂ ਸਦਕਾ ਅੱਜ ਭਾਰਤ ਵਿਸ਼ਵ ਗੁਰੂ ਬਣਨ ਦੀ ਰਾਹ ’ਤੇ ਹੈ। ਅੱਜ ਦੀ ਫੋਟੋ ਪ੍ਰਦਰਸ਼ਨੀ ਵਿੱਚ ਪ੍ਰੋਗਰਾਮ ਦੇ ਕਨਵੀਨਰ ਤੇ ਸੂਬਾ ਮੀਤ ਪ੍ਰਧਾਨ ਰਾਜਨ ਤਿਵਾੜੀ, ਸੂਬਾ ਮੀਤ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੂਬਾਈ ਬੁਲਾਰੇ ਅਨੁਜਾ ਕਪੂਰ ਤੇ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਯੋਜਨਾਵਾਂ ਲੋਕ ਭਲਾਈ ਲਈ ਹਨ ਤੇ ਅੱਜ ਦੇਸ਼ ਦਾ ਹਰ ਵਰਗ ਇਸ ਦਾ ਲਾਭ ਲੈ ਰਿਹਾ ਹੈ। ਉਨ੍ਹਾਂ ਦੀਆਂ ਅੰਤਯੋਦਿਆ, ਮਕਾਨ, ਰਾਸ਼ਨ, ਗੈਸ ਸਿਲੰਡਰ, ਪਾਣੀ ਵਰਗੀਆਂ ਯੋਜਨਾਵਾਂ ਨੇ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।