ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਕੌਮੀ ਰਾਜਧਾਨੀ ਦੇ ਸੋਨੀਆ ਵਿਹਾਰ ਵਿੱਚ 62 ਸਾਲਾ ਪੁਜਾਰੀ ਦਾ ਕਥਿਤ ਤੌਰ ’ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੱਲ੍ਹ ਵਾਪਰੀ ਇਸ ਘਟਨਾ ਮਗਰੋਂ ਜ਼ਖ਼ਮੀ ਪੁਜਾਰੀ ਨੂੰ ਇਲਾਜ ਲਈ ਜੇਪੀਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੁੱਧਵਾਰ ਸਵੇਰੇ ਕਰੀਬ 5.40 ਵਜੇ ਸੋਨੀਆ ਵਿਹਾਰ ਥਾਣੇ ਨੂੰ ਸੂਚਨਾ ਮਿਲੀ ਕਿ ਇੱਕ ਪੁਜਾਰੀ ਨੂੰ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ 62 ਸਾਲਾ ਸੋਨੀ ਰਾਮ ਵਾਸੀ ਸੋਨੀਆ ਵਿਹਾਰ ਵਜੋਂ ਹੋਈ। ਪੁਲੀਸ ਨੇ ਸੋਨੀ ਰਾਮ ਤੋਂ ਬਿਆਨ ਲੈਣਾ ਚਾਹਿਆ ਪਰ ਉਹ ਬਿਆਨ ਦੇਣ ਦੀ ਹਾਲਤ ’ਚ ਨਹੀਂ ਸੀ। ਇਲਾਜ ਦੌਰਾਨ ਸੋਨੀ ਰਾਮ ਦੀ ਦੇਰ ਸ਼ਾਮ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸੋਨੂੰ ਭੱਟ ਨੇ ਪੁਜਾਰੀ ਦੀ ਕਥਿਤ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਸੋਨੂੰ ਭੱਟ ਦੀ ਵੀ ਕੁੱਟਮਾਰ ਕੀਤੀ। ਸੋਨੂੰ ਨੂੰ ਇਲਾਜ ਲਈ ਜੀਟੀਬੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।