ਕੁਲਦੀਪ ਸਿੰਘ
ਨਵੀਂ ਦਿੱਲੀ, 16 ਫਰਵਰੀ
ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਕਮਿਸ਼ਨ ਦੇ ਆਈ.ਟੀ.ਓ. ਸਥਿਤ ਦਫ਼ਤਰ ’ਚ ਸੂਚਨਾ ਕੇਂਦਰ ਅਤੇ ਹੈਲਪ ਡੈਸਕ ਖੋਲ੍ਹਿਆ ਗਿਆ। ਇਸ ਦਾ ਉਦਘਾਟਨ ਦਿੱਲੀ ਸਰਕਾਰ ਦੇ ਮਾਲੀਆ ਵਿਭਾਗ ਦੇ ਮੰਤਰੀ ਕੈਲਾਸ਼ ਗਹਿਲੋਤ ਵਲੋਂ ਕੀਤਾ ਗਿਆ। ਹੋਰਾਂ ਸਮੇਤ ਇਸ ਮੌਕੇ ’ਤੇ ਮਾਲੀਆ ਵਿਭਾਗ ਦੇੇ ਪ੍ਰਿੰਸੀਪਲ ਸਕੱਤਰ ਸੰਜੀਵ ਖੋਰਵਾਲ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜ਼ਾਕਿਰ ਖਾਨ, ਮੈਂਬਰ ਅਜੀਤਪਾਲ ਸਿੰਘ ਬਿੰਦਰਾ, ਨੈਨਸੀ ਬਾਰਲੇ ਸਮੇਤ ਦਿੱਲੀ ਦੇ ਹੋਰ ਉਘੇ ਪਤਵੰਤੇ ਵੀ ਮੌਜੂਦ ਸਨ। ਕੈਲਾਸ਼ ਗਹਿਲੋਤ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਘੱਟ ਗਿਣਤੀਆਂ ਦਿੱਲੀ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦੇਣ ਲਈ ਕਮਿਸ਼ਨ ਦੇ ਦਫਤਰ ਵਿੱਚ ਸੂਚਨਾ ਕੇਂਦਰ ਅਤੇ ਹੈਲਪ ਡੈਸਕ ਖੋਲ੍ਹਿਆ। ਸ੍ਰੀ ਗਹਿਲੋਤ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ ਘੱਟ ਗਿਣਤੀਆਂ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਲੋਕਾਂ ਤੱਕ ਜਾਣਕਾਰੀ ਨਹੀਂ ਪੁੱਜਦੀ, ਜਿਸ ਕਾਰਨ ਜ਼ਿਆਦਾਤਰ ਲੋਕ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਹੁਣ ਉਨ੍ਹਾਂ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਕਮਿਸ਼ਨ ਦੇ ਚੇਅਰਮੈਨ ਜ਼ਾਕਿਰ ਖਾਨ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੂਚਨਾ ਕੇਂਦਰ ਦਿੱਲੀ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਖੋਲ੍ਹੇ ਜਾਣਗੇ।