ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਵਾਸੀ ਹੁਣ ਗੂਗਲ ਦੇ ਨਕਸ਼ੇ ਤੋਂ ਡੀਟੀਸੀ ਦੀਆਂ ਬੱਸਾਂ ਦੇ ਰੂਟਾਂ ਦੀ ਤਾਜ਼ਾ ਸਥਿਤੀ ਬਾਰੇ ਆਪਣੇ ਮੋਬਾਈਲ ਫੋਨਾਂ ਰਾਹੀਂ ਜਾਣਕਾਰੀ ਲੈ ਸਕਣਗੇ। ਗੂਗਲ ਨੇ ਦਿੱਲੀ ਦੇ ਟਰਾਂਸਪੋਰਟ ਮਹਿਕਮੇ, ਦਿੱਲੀ ਏਕੇਕ੍ਰਿਤ ਮਲਟੀ-ਮਾਡਲ ਟ੍ਰਾਂਜਿਟ ਸਿਸਟਮ (ਡੀਆਈਐੱਮਟੀਐੱਸ) ਇੰਦਰਪ੍ਰਸਥ ਇੰਸਟੀਚਿਊਟ ਆਫ਼ ਇਨਫਰਮੈਸ਼ਨ ਟੈਕਨਾਲੋਜੀ (ਆਈਆਈਆਈਟੀ) ਦਿੱਲੀ ਤੇ ਲੈਪਟਨ ਸਾਫਟਵੇਅਰ ਨਾਲ ਮਿਲ ਕੇ ਗੂਗਲ ਨਕਸ਼ੇ ਉੱਤੇ ਦਿੱਲੀ ਵਿੱਚ ਚੱਲਣ ਵਾਲੀਆਂ ਬੱਸਾਂ ਦੇ ਸਮੇਂ ਦੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਬੱਸ ਯਾਤਰੀਆਂ ਨੂੰ ਬੱਸ ਅੱਡਿਆਂ ਉਪਰ ਇੰਤਜ਼ਾਰ ਵਿੱਚ ਸਮਾਂ ਬਰਬਾਦ ਨਾ ਕਰਨਾ ਪਵੇ। ਗੂਗਲ ਵੱਲੋਂ ਦੱਸਿਆ ਗਿਆ ਕਿ ਯਾਤਰੀ ਬੱਸ ਫੜਨ ਬਾਰੇ ਜਾਣਕਾਰੀ ਤੇ ਬੱਸ ਅੱਡੇ ਉਪਰ ਬੱਸ ਦੇ ਪੁੱਜਣ ਦਾ ਸਮਾਂ ਪਤਾ ਕਰ ਸਕਣਗੇ। ਇਸ ਤੋਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਤੇ ਉਹ ਉਸੇ ਮੁਤਾਬਕ ਆਪਣੇ ਸਮੇਂ ਦੀ ਵਰਤੋਂ ਕਰ ਸਕਣਗੇ। ਇਹ ਹਿੰਦੀ ਵਿੱਚ ਵੀ ਮੁਹੱਈਆ ਹੋਵੇਗੀ ਤੇ ਲੋਕ ਆਪਣੀ ਪਸੰਦ ਮੁਤਾਬਕ ਵੀ ਭਾਸ਼ਾ ਚੁਣ ਸਕਦੇ ਹਨ। ਇਸ ਐੱਪ ਵਿੱਚ ਦਿੱਲੀ ਦੇ ਸਾਰੇ ਰੂਟਾਂ ਦੀਆਂ ਬੱਸਾਂ ਦੇ ਨੰਬਰ, ਲੋਕਲ ਅੱਡਿਆਂ ਬਾਰੇ ਵੀ ਦੱਸਿਆ ਗਿਆ ਹੈ। ਹਰੇ ਤੇ ਲਾਲ ਰੰਗ ਨਾਲ ਬੱਸਾਂ ਦੀ ਤਾਜ਼ਾ ਸਥਿਤੀ ਬਾਰੇ ਪਤਾ ਲੱਗ ਜਾਵੇਗਾ।