ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜੂਨ
ਗੁਆਂਢੀ ਮੁਲਕ ਚੀਨ ਵੱਲੋਂ ਤਿੱਬਤ ਸੀਮਾ ਉੁਪਰ ਕੀਤੇ ਗਏ ਹਮਲੇ ਦੇ ਵਿਰੋਧ ਦੌਰਾਨ ਦਿੱਲੀ ਦੇ ਸ਼ਾਹਦਰਾ ਵਿੱਚ ਚੀਨੀ ਸਾਮਾਨ ਦੀ ਹੋਲੀ ਜਲਾਈ ਗਈ ਤੇ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਭਾਰਤ ਤਿੱਬਤ ਸਹਿਯੋਗ ਮੰਚ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਨਿਰਮਾਣ ਵਿਹਾਰ ਮੈਟਰੋ ਸਟੇਸ਼ਨ ਕੋਲ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਚੀਨੀ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਨੇ ਕਿਹਾ ਕਿ ਚੀਨ ਵੱਲੋਂ ਤਿੱਬਤੀਆਂ ਉਪਰ ਕਹਿਰ ਢਾਹੇ ਗਏ ਪਰ ਦਲਾਈਲਾਮਾ ਵੱਲੋਂ ਹਮੇਸ਼ਾ ਉਨ੍ਹਾਂ ਦੀ ਆਵਾਜ਼ ਉਠਾਈ ਜਾਂਦੀ ਰਹੀ। ਪ੍ਰਦਰਸ਼ਨਕਾਰੀਆਂ ਨੇ ਦਲਾਈਲਾਮਾ ਨੂੰ ਭਾਰਤ ਰਤਨ ਸਨਮਾਨ ਦੇਣ ਦੀ ਮੰਗ ਕੀਤੀ ਤੇ ਉਨ੍ਹਾਂ ਚੀਨ ਵਿਰੋਧੀ ਨਾਅਰੇ ਵੀ ਲਾਏ। ਉਨ੍ਹਾਂ ਭਾਰਤ ਚੀਨ ’ਤੇ ਹੋਈ ਘਟਨਾ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਊਨ੍ਹਾਂ ਸਰਹੱਦ ’ਤੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਜਲੀ ਵੀ ਭੇਟ ਕੀਤੀ।
ਵਪਾਰੀਆਂ ਨੇ ਚੀਨੀ ਮਾਲ ਦੇ ਟਾਕਰੇ ਲਈ ਕਰ ਛੋਟ ਮੰਗੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਵਪਾਰੀ ਚੀਨ ਨੂੰ ਮਾਤ ਦੇਣ ਦੇ ਇਰਾਦੇ ਵਿੱਚ ਹਨ ਤੇ ਉਹ ਸਰਕਾਰ ਤੋਂ ਕਰਾਂ ਵਿੱਚ ਰਿਆਇਤ ਮੰਗ ਰਹੇ ਹਨ ਤਾਂ ਜੋ ਚੀਨ ਦੇ ਸਸਤੇ ਮਾਲ ਦਾ ਟਾਕਰਾ ਕੀਤਾ ਜਾ ਸਕੇ। ਥੋਕ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਰਾਂ ਵਿੱਚ ਰਿਆਇਤ ਮਿਲੇ ਤਾਂ ਉਹ ਚੀਨ ਦੇ ਹਰੇਕ ਉਤਪਾਦਨ ਦਾ ਟਾਕਰਾ ਕਰ ਸਕਦੇ ਹਨ। ਸਦਰ ਬਾਜ਼ਾਰ ਦੇ ਵਪਾਰੀ ਆਗੂ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦਿੱਲੀ ਵਿੱਚ ਵਪਾਰੀਆਂ ਨੂੰ ਨਿਗਮ ਸਮੇਤ ਸਰਕਾਰ ਨੂੰ ਕਰ ਦੇਣੇ ਪੈਂਦੇ ਹਨ ਜਦੋਂ ਕਿ ਚੀਨ ਵਿੱਚ ਬਹੁਤੇ ਕਰ ਨਹੀਂ ਹਨ। ਵਪਾਰੀਆਂ ਵਿੱਚੋਂ 70 ਫ਼ੀਸਦ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਲਈ ਤਿਆਰ ਹਨ ਪਰ ਸਰਕਾਰ ਉਨ੍ਹਾਂ ਨੂੰ ਰਿਆਇਤਾਂ ਦੇਵੇ। ਇੱਥੇ 100 ਰੁਪਏ ਦਾ ਸਮਾਨ 170 ਰੁਪਏ ਵਿੱਚ ਕਰ ਅਦਾ ਕਰਨ ਮਗਰੋਂ ਵਿਕਦਾ ਹੈ।