ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਪਰੈਲ
ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੀ ਮਥੁਰਾ (ਉੱਤਰ ਪ੍ਰਦੇਸ਼) ਵਿੱਚ ਦੋ ਦੋ ਰੋਜ਼ਾ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਸੱਤ ਮਤੇ ਪਾਸ ਕੀਤੇ ਗਏ। ਇਸ ਮੌਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੀਡੀਆ ਤੇ ਪ੍ਰੈੱਸ ਪ੍ਰਤੀ ਰਵੱਈਏ ਦੀ ਆਲੋਚਨਾ ਕੀਤੀ ਗਈ। ‘ਆਈਜੇਯੂ’ ਦੇ ਕੌਮੀ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ ਦੀ ਅਗਵਾਈ ਹੇਠ ਦੇਸ਼ ਵਿੱਚ ਮੀਡੀਆ ਉਪਰ ਹੋ ਰਹੇ ਹਮਲਿਆਂ ਖ਼ਿਲਾਫ਼ ਪਹਿਲਾ ਮਤਾ ਪਾਸ ਕੀਤਾ ਗਿਆ। ਆਈਜੇਯੂ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਦੱਸਿਆ ਕਿ ਦੂਜੇ ਮਤੇ ਵਿੱਚ ‘ਕਸ਼ਮੀਰ ਵਾਲਾ’ ਪਰਚੇ ਦੇ ਸੰਪਾਦਕ ਫਾਹਦ ਸ਼ਾਹ ਦੀ ਕਈ ਵਾਰ ਗ੍ਰਿਫ਼ਤਾਰੀ ਕਰਨ ਤੇ ਉਕਤ ਸੂਬੇ ਵਿੱਚ ‘ਸਾਡੇ ਨਾਲ ਜਾਂ ਸਾਡੇ ਖ਼ਿਲਾਫ਼’ ਦਾ ਮਾਹੌਲ ਸੱਤਾਧਾਰੀ ਧਿਰ ਵੱਲੋਂ ਬਣਾਏ ਜਾਣ ਉਪਰ ਫ਼ਿਕਰਮੰਦੀ ਜਾਹਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤੀਜੇ ਮਤੇ ਵਿੱਚ ਕੁੱਝ ਮੀਡੀਆ ਹਾਊਸਾਂ ਵੱਲੋਂ ਨਫ਼ਰਤ ਭਰੀਆਂ ਬਹਿਸਾਂ ਕਰਕੇ ਸੱਤਾਧਾਰੀ ਧਿਰ ਵੱਲ ਝੁੱਕਣ ਦੇ ਰੁਝਾਨ ਦੀ ਆਲੋਚਨਾ ਕੀਤੀ ਗਈ। ਚੌਥੇ ਮਤੇ ਵਿੱਚ ਪ੍ਰੈੱਸ ਕੌਂਸਲ ਆਫ ਇੰਡੀਆ ਦਾ ਕੌਮੀ ਪੱਤਰਕਾਰ ਯੂਨੀਅਨਾਂ, ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਮੁੜ ਗਠਨ ਕਰਨ ਦੀ ਮੰਗ ਕੀਤੀ ਗਈ। ਪੰਜਵੇਂ ਮਤੇ ਵਿੱਚ ਸੂਚਨਾ ਤੇ ਪ੍ਰਸਾਰਨ ਬਾਰੇ ਸੰਸਦੀ ਸਥਾਈ ਕਮੇਟੀ ਵੱਲੋਂ ਮੀਡੀਆ ਕੌਂਸਲ ਬਣਾਉਣ ਦੀ ਸਿਫ਼ਾਰਸ਼ ਕਰਨ ਦੀ ਹਮਾਇਤ ਕੀਤੀ ਗਈ। ਛੇਵੇਂ ਮਤੇ ਵਿੱਚ ਕੇਂਦਰ ਵੱਲੋਂ ਸੈਂਟਰਲ ਮੀਡੀਆ ਐਕਰੀਡੇਸ਼ਨ ਕਮੇਟੀ ਬਣਾਉਣ ਤੇ ਇਸ ਦੀਆਂ ਗਾਈਡਲਾਈਨਸ ਵਿੱਚ ਤਬਦੀਲੀ ਨੂੰ ਗ਼ਲਤ ਕਰਾਰ ਦਿੱਤਾ ਗਿਆ। ਸੱਤਵੇਂ ਮਤੇ ਰਾਹੀਂ ਮੰਗ ਕੀਤੀ ਗਈ ਪੱਤਰਕਾਰਾਂ ਨੂੰ ਰੇਲਵੇ ਕਨਸੈਸਨ ਬਹਾਲ ਕੀਤਾ ਜਾਵੇ।