ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਹੈਦਰਾਬਾਦ ਸਥਿਤ ਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੇ ਕੌਮੀ ਰਾਜਧਾਨੀ ਨੂੰ ‘ਕੋਵੈਕਸਿਨ’ ਦੀਆਂ ‘ਵਾਧੂ’ ਖੁਰਾਕਾਂ ਮੁਹੱਈਆ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਕੋਵੈਕਸਿਨ ਦਾ ਸਟਾਕ ਬਿਲਕੁਲ ਮੁੱਕ ਗਿਆ ਹੈ, ਜਿਸ ਕਰਕੇ 17 ਸਕੂਲਾਂ ਵਿੱਚ ਸਥਾਪਤ 100 ਦੇ ਕਰੀਬ ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵੈਕਸੀਨ ਦੀ ਸਪਲਾਈ ਕੰਟਰੋਲ ਕਰਨ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ 1.34 ਕਰੋੜ ਟੀਕਿਆਂ ਦਾ ਆਰਡਰ ਦਿੱਤਾ ਸੀ, ਜਿਸ ਵਿਚ 67 ਲੱਖ ‘ਕੋਵੈਕਸਿਨ’ ਤੇ 67 ਲੱਖ ‘ਕੋਵੀਸ਼ੀਲਡ’ ਦੇ ਟੀਕੇ ਸ਼ਾਮਲ ਸਨ।
ਸਿਸੋਦੀਆ ਨੇ ਕਿਹਾ, ‘ਕੋਵੈਕਸਿਨ ਨਿਰਮਾਤਾ ਨੇ ਦਿੱਲੀ ਸਰਕਾਰ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਸਬੰਧਤ ਸਰਕਾਰੀ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਵੈਕਸੀਨ ਦੀ ਉਪਲਬਧਤਾ ਦੀ ਅਣਹੋਂਦ ਵਿੱਚ ਉਹ ਦਿੱਲੀ ਸਰਕਾਰ ਨੂੰ ਵੈਕਸੀਨ ਮੁਹੱਈਆ ਨਹੀਂ ਕਰਵਾ ਸਕਦੀ। ਇਸ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਵੈਕਸੀਨ ਦੀ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ।’ ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੈਕਸੀਨਾਂ ਦੀ ਬਰਾਮਦ ਰੋਕਣੀ ਚਾਹੀਦੀ ਹੈ ਤੇ ਸਰਕਾਰ ਦੇੇਸ਼ ਵਿਚਲੇ ਦੋ ਵੈਕਸੀਨ ਨਿਰਮਾਤਾਵਾਂ ਦਾ ਫਾਰਮੂਲਾ ਹੋਰਨਾਂ ਕੰਪਨੀਆਂ ਨਾਲ ਸਾਂਝਾ ਕਰੇ ਤਾਂ ਕਿ ਦੇਸ਼ ਵਿੱਚ ਵੱਡੇ ਪੱਧਰ ’ਤੇ ਵੈਕਸੀਨ ਉਤਪਾਦਨ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੌਮਾਂਤਰੀ ਬਾਜ਼ਾਰ ’ਚ ਉਪਲਬਧ ਵੈਕਸੀਨਾਂ ਦੀ ਭਾਰਤ ਵਿੱਚ ਵਰਤੋਂ ਨੂੰ ਪ੍ਰਵਾਨਗੀ ਦੇਵੇ ਤੇ ਰਾਜਾਂ ਨੂੰ ਹਦਾਇਤ ਕਰੇ ਕਿ ਤਿੰਨ ਮਹੀਨਿਆਂ ਅੰਦਰ ਹਰੇਕ ਦਾ ਟੀਕਾਕਰਨ ਯਕੀਨੀ ਬਣਾਏ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਗਲੋਬਲ ਟੈਂਡਰ ਰਾਹੀਂ ਅੰਤਰਰਾਸ਼ਟਰੀ ਮਾਰਕੀਟ ਤੋਂ ਰਾਜਾਂ ਲਈ ਟੀਕੇ ਖਰੀਦੇ। ਉਨ੍ਹਾਂ ਕਿਹਾ ਕਿ ਟੀਕਾ ਉਪਲਬਧ ਕਰਵਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਦਿਨ ਰਾਤ ਕੰਮ ਕਰਨ ਦੇ ਬਾਵਜੂਦ ਸਾਡੇ ਇਰਾਦਿਆਂ ’ਤੇ ਸ਼ੱਕ ਕੀਤਾ ਜਾ ਰਿਹੈ: ਭਾਰਤ ਬਾਇਓਟੈੱਕ
ਨਵੀਂ ਦਿੱਲੀ: ਕੁਝ ਰਾਜਾਂ ਵੱਲੋਂ ਕੋਵੈਕਸਿਨ ਦੀ ਸਪਲਾਈ ਬਾਰੇ ਭਾਰਤ ਬਾਇਓਟੈੱਕ ਦੇ ਇਰਾਦਿਆਂ ਬਾਰੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਕੰਪਨੀ ਨੇ ਨਾਖੁਸ਼ੀ ਜਤਾਈ ਹੈ। ਭਾਰਤ ਬਾਇਓਟੈੱਕ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਚਿੱਤਰਾ ਇਲਾ ਨੇ ਇਕ ਟਵੀਟ ਵਿੱਚ ਕਿਹਾ ਕਿ ਕੰਪਨੀ ਨੇ 10 ਮਈ ਨੂੰ ਕੋਵੈਕਸਿਨ ਦੀ ਖੇਪ 18 ਰਾਜਾਂ ਵਿੱਚ ਭੇਜੀ ਹੈ। ਇਸ ਦੇ ਬਾਵਜੂਦ ਕੁਝ ਰਾਜਾਂ ਨੇ ਸਾਡੇ ਇਰਾਦਿਆਂ ਬਾਰੇ ਸ਼ਿਕਾਇਤਾਂ ਕੀਤੀਆਂ ਹਨ। ਇਲਾ ਨੇ ਟਵੀਟ ਕੀਤਾ, ‘‘ਸਾਡੇ 50 ਕਰਮਚਾਰੀ ਕੋਵਿਡ ਕਾਰਨ ਕੰਮ ’ਤੇ ਨਹੀਂ ਆ ਰਹੇ ਤੇ ਅਸੀਂ ਫਿਰ ਵੀ ਮਹਾਮਾਰੀ ਕਰਕੇ ਆਇਦ ਲੌਕਡਾਊਨ ਦਰਮਿਆਨ ਤੁਹਾਡੇ ਲਈ 24×7 ਕੰਮ ਕਰ ਰਹੇ ਹਾਂ।’’ ਹੈਦਰਾਬਾਦ ਅਧਾਰਿਤ ਇਸ ਫਰਮ ਵੱਲੋਂ ਆਂਧਰਾ ਪ੍ਰਦੇਸ਼, ਹਰਿਆਣਾ, ਉੜੀਸਾ, ਅਸਾਮ, ਜੰਮੂ ਤੇ ਕਸ਼ਮੀਰ, ਤਾਮਿਲ ਨਾਡੂ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਸਮੇਤ ਕੁੱਲ 18 ਰਾਜਾਂ ਨੂੰ ਕੋਵੈਕੋਸਿਨ ਦੀ ਸਪਲਾਈ ਭੇਜੀ ਜਾ ਰਹੀ ਹੈ। -ਪੀਟੀਆਈ