ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮਿਲ ਕੇ ਅੱਜ ਗਾਂਧੀ ਆਸ਼ਰਮ, ਸਾਬਰਮਤੀ (ਗੁਜਰਾਤ) ਤੋਂ ਟੌਲ ਪਲਾਜ਼ਾ ਵਿੱਚ ਐਂਬੀਐਂਸ ਮਾਲ, ਗੁੜਗਾਓਂ ਨੇੜੇ ਪਹੁੰਚਣ ਵਾਲੀ ਆਜ਼ਾਦੀ ਗੌਰਵ ਯਾਤਰਾ ਦਾ ਸਵਾਗਤ ਕੀਤਾ। ਦਿੱਲੀ-ਹਰਿਆਣਾ ਹੱਦ ’ਤੇ ਕਾਂਗਰਸ ਦੇ ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਤਿਰੰਗਾ ਝੰਡਾ ਅਗਾਂਹ ਦੀ ਯਾਤਰਾ ਲਈ ਅਨਿਲ ਕੁਮਾਰ ਨੂੰ ਸੌਂਪਿਆ ਗਿਆ। ਯਾਤਰਾ ਪਹਿਲੀ ਜੂਨ ਨੂੰ ਗਾਂਧੀ ਸਮਾਧੀ, ਰਾਜਘਾਟ, ਨਵੀਂ ਦਿੱਲੀ ਵਿੱਚ ਸਮਾਪਤ ਹੋਵੇਗੀ। ਗੁੜਗਾਓਂ ਤੋਂ ਗੌਰਵ ਯਾਤਰਾ ਛਤਰਪੁਰ ਦੇ ਰਾਹ ’ਚ ਕਈ ਥਾਵਾਂ ’ਤੇ ਕਾਂਗਰਸ ਵਰਕਰਾਂ ਅਤੇ ਸੇਵਾ ਦਲ ਦੇ ਵਲੰਟੀਅਰਾਂ ਨੇ ਯਾਤਰਾ ਦਾ ਸਵਾਗਤ ਕੀਤਾ | ਅਨਿਲ ਕੁਮਾਰ ਨੇ ਦੱਸਿਆ ਕਿ ਅਜ਼ਾਦੀ ਗੌਰਵ ਯਾਤਰਾ 6 ਅਪਰੈਲ ਨੂੰ ਗੁਜਰਾਤ ਦੇ ਸਾਬਰਮਤੀ ਗਾਂਧੀ ਆਸ਼ਰਮ ਤੋਂ ਸ਼ੁਰੂ ਹੋ ਕੇ ਰਾਜਸਥਾਨ ਅਤੇ ਹਰਿਆਣਾ ਤੋਂ ਹੁੰਦੀ ਹੋਈ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦਿੱਲੀ ਪੁੱਜੀ। ਉਨ੍ਹਾਂ ਕਿਹਾ ਕਿ ਇਹ ਯਾਤਰਾ ਆਜ਼ਾਦੀ ਸੰਗਰਾਮ ਵਿੱਚ ਕਾਂਗਰਸੀ ਕਾਰਕੁਨਾਂ ਅਤੇ ਆਗੂਆਂ ਦੇ ਸੰਘਰਸ਼ ਅਤੇ ਕੁਰਬਾਨੀਆਂ ਅਤੇ ਬ੍ਰਿਟਿਸ਼ ਰਾਜ ਦੇ ਖਾਤਮੇ ਤੋਂ ਬਾਅਦ ਦੇਸ਼ ਦੀ ਮੁੜ ਉਸਾਰੀ ਵਿੱਚ ਕਾਂਗਰਸੀ ਆਗੂਆਂ ਵੱਲੋਂ ਦਿੱਤੀ ਮਜ਼ਬੂਤ ਅਗਵਾਈ ਨੂੰ ਦਰਸਾਉਂਦੀ ਹੈ।
ਕਾਂਗਰਸ ਪਾਰਟੀ ਦੇ ਯੋਗਦਾਨ ਬਾਰੇ ਅਤੇ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਵਾਉਣ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੇ ਸਿੱਖਿਆ, ਉਦਯੋਗਿਕ ਅਤੇ ਵਿਗਿਆਨਕ ਵਿਕਾਸ, ਬਿਜਲੀ, ਸਿਹਤ, ਖੇਤੀਬਾੜੀ, ਨਿਰਮਾਣ, ਕੰਪਿਊਟਰ ਅਤੇ ਦੂਰਸੰਚਾਰ ਦੇ ਖੇਤਰਾਂ ਵਿੱਚ ਹੈਰਾਨੀਜਨਕ ਤਰੱਕੀ ਦੇ ਨਾਲ ਹਰ ਮੋਰਚੇ ’ਤੇ ਤਰੱਕੀ ਕੀਤੀ ਹੈ ਅਤੇ ਕਈ ਖੇਤਰਾਂ ਵਿੱਚ ਆਤਮ-ਨਿਰਭਰਤਾ ਹਾਸਲ ਕੀਤੀ ਹੈ, ਇਹ ਕਾਂਗਰਸ ਦੀ ਬਦੌਲਤ ਹੈ। ਬਾਅਦ ਦੇ ਪ੍ਰਧਾਨ ਮੰਤਰੀਆਂ ਦੁਆਰਾ ਲਏ ਗਏ ਵਿਜ਼ਨ ਅਤੇ ਨਿਰਵਿਵਾਦ ਨੀਤੀ ਫੈਸਲੇ ਸਾਰਥਕ ਰਹੇ। ਉਨ੍ਹਾਂ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਭਾਰਤ ਰਤਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਨੂੰ ਹਰ ਖੇਤਰ ਵਿੱਚ ਇੱਕ ਮਜ਼ਬੂਤ ਅਤੇ ਆਤਮ ਨਿਰਭਰ ਰਾਸ਼ਟਰ ਬਣਾਉਣ ਲਈ ਅਗਵਾਈ ਕੀਤੀ ਅਤੇ ਨਹਿਰੂ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਨੂੰ ਕਾਂਗਰਸ ਦੇ ਬਾਅਦ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਮਰਥਨ ਦਿੱਤਾ। ਮਰਹੂਮ ਇੰਦਰਾ ਗਾਂਧੀ, ਮਰਹੂਮ ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਇਸਨੂੰ ਅੱਗੇ ਵਧਾਇਆ।
ਉਨ੍ਹਾਂ ਕਿਹਾ ਦੇਸ਼ ਦੇ ਨੌਜਵਾਨਾਂ ਅਤੇ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਗਏ ਸੰਘਰਸ਼ਾਂ ਅਤੇ ਕੁਰਬਾਨੀਆਂ ਨੂੰ ਕੇਂਦਰ ਦੀ ਮੌਜੂਦਾ ਸਰਕਾਰ ਨੇ ਖੋਰਾ ਲਾਇਆ ਜਾ ਰਿਹਾ ਹੈ, ਜੋ ਕਿ ਕਾਂਗਰਸ ਸਰਕਾਰਾਂ ਵੱਲੋਂ ਬਣਾਏ ਗਏ ਪੈਸੇ ਅਤੇ ਸੰਸਥਾਵਾਂ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਹੁਣ ਇੱਕ ਅਨਿਸ਼ਚਿਤ ਭਵਿੱਖ ਵੱਲ ਵਧ ਰਿਹਾ ਹੈ, ਬੇਰੋਜ਼ਗਾਰੀ ਸਭ ਤੋਂ ਉੱਚੇ ਪੱਧਰ ’ਤੇ ਹੈ, ਅਤੇ ਚਾਰੇ ਪਾਸੇ ਮਹਿੰਗਾਈ ਅਤੇ ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਜੀਵਨ ਅਸਹਿ ਬਣਾ ਦਿੱਤਾ ਹੈ।