ਕਰੋਨਾਵਾਇਰਸ

ਤੰਦਰੁਸਤ ਹੋਣ ਦੀ ਦਰ ਵਿੱਚ ਵਾਧਾ

* ਰਿਕਵਰੀ ਦਰ 90 ਫ਼ੀਸਦ ’ਤੇ ਪੁੱਜੀ; * ਮਰਨ ਵਾਲਿਆਂ ਦੀ ਗਿਣਤੀ 41 ਸੌ ਨੂੰ ਟੱਪੀ

ਤੰਦਰੁਸਤ ਹੋਣ ਦੀ ਦਰ ਵਿੱਚ ਵਾਧਾ

ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਕਰੋਨਾ ਕੇਂਦਰ ਵਿੱਚ ਡਿਊਟੀ ਦੌਰਾਨ ਪੀਪੀਈ ਕਿੱਟ ਪਾ ਕੇ ਆਰਾਮ ਕਰਦਾ ਹੋਇਆ ਸਿਹਤ ਕਰਮੀ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਗਸਤ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ’ਚ ਰਿਕਵਰੀ ਦਰ 89.79% ਹੋ ਗਈ ਹੈ। ਹੁਣ ਤੱਕ ਇੱਥੇ ਆਏ 146134 ਕੇਸਾਂ ’ਚੋਂ 131657 ਮਰੀਜ਼ ਇਲਾਜ ਕਰਵਾ ਚੁੱਕੇ ਹਨ। ਰਿਕਵਰੀ ਦਰ ਦੇ ਮਾਮਲੇ ’ਚ ਦਿੱਲੀ ਦੇਸ਼ ’ਚ ਪਹਿਲੇ ਨੰਬਰ ‘ਤੇ ਹੈ। ਇਸ ਸਮੇਂ ਦਿੱਲੀ ’ਚ 10346 ਮਰੀਜ਼ ਹਨ, ਜੋ ਜ਼ੇਰੇ ਇਲਾਜ ਹਨ।

ਦਿੱਲੀ ਵਿੱਚ ਐਤਵਾਰ ਨੂੰ ਕਰੋਨਾ ਦੀ ਲਾਗ ਦੇ 1300 ਨਵੇਂ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਦਿੱਲੀ ’ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 41 ਸੌ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਜਾਂਚ ਲਈ ਦਿੱਲੀ ’ਚ 5702 ਆਰਟੀ-ਪੀਸੀਆਰ ਟੈਸਟ ਕੀਤੇ ਗਏ ਹਨ। ਜੁਲਾਈ ਦੀ ਸ਼ੁਰੂਆਤ ’ਚ ਦਿੱਲੀ ’ਚ ਕਰੋਨਾ ਦਾ ਟੈਸਟ ਕਰਨ ਲਈ ਲਗਪਗ 11000 ਆਰਟੀ-ਪੀਸੀਆਰ ਅਤੇ ਲਗਪਗ 10 ਹਜ਼ਾਰ ਐਂਟੀਜੇਨ ਟੈਸਟ ਕੀਤੇ ਗਏ ਸਨ। ਐਂਟੀਜੇਨ ਟੈਸਟਾਂ ਦੀ ਗਿਣਤੀ ਨੂੰ ਦਿੱਲੀ ਵਿਚ ਵਧਾ ਦਿੱਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ’ਚ 18085 ਐਂਟੀਜੇਨ ਟੈਸਟ ਕੀਤੇ ਹਨ।

ਦੱਸਣਯੋਗ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਦਿੱਲੀ ’ਚ ਇਕ ਹਜ਼ਾਰ ਤੋਂ ਵੱਧ ਕੇਸ ਦੇਖੇ ਜਾ ਰਹੇ ਹਨ ਜਦੋਂ ਕਿ ਇਸ ਤੋਂ ਪਹਿਲਾਂ ਮਾਮਲਿਆਂ ਦੀ ਗਿਣਤੀ ਇਕ ਹਜ਼ਾਰ ਤੋਂ ਵੀ ਘੱਟ ਸੀ। ਐਤਵਾਰ ਨੂੰ 1300 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ 1192 ਨਵੇਂ ਕੇਸ ਸਾਹਮਣੇ ਆਏ ਸਨ ਤੇ ਇਸ ਤੋਂ ਪਹਿਲਾਂ ਵੀਰਵਾਰ ਨੂੰ 1299 ਬੁੱਧਵਾਰ ਨੂੰ 1076, ਮੰਗਲਵਾਰ ਨੂੰ 674 ਤੇ ਸੋਮਵਾਰ ਨੂੰ 707 ਨਵੇਂ ਕੇਸ ਪਾਏ ਗਏ ਸਨ।

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਕੇਸ ਵਧਣ ਲਈ ਬਾਹਰੀ ਲੋਕ ਜ਼ਿੰਮੇਵਾਰ ਹਨ ਕਿ ਕੁਝ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਦਿੱਲੀ ਵਿੱਚ ਕੋਵਿਦ -19 ਦੇ ਮਾਮਲੇ ਵੱਧ ਰਹੇ ਹਨ। ਇਹੀ ਕਾਰਨ ਹੈ ਕਿ ਦਿੱਲੀ ਤੋਂ ਬਾਹਰਲੇ ਬਹੁਤ ਸਾਰੇ ਲੋਕ ਇੱਥੇ ਆ ਕੇ ਟੈਸਟ ਕਰਵਾ ਰਹੇ ਹਨ। ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਨਹੀਂ ਤਾਂ ਦਿੱਲੀ ’ਚ ਕੋਵਿਡ -19 ਕੇਸਾਂ ਦਾ ਰੁਝਾਨ ਘਟਦਾ ਜਾ ਰਿਹਾ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ’ਚ ਕਰੋਨਾ ਦੀ ਸਥਿਤੀ ਕਾਫ਼ੀ ਕਾਬੂ ਹੇਠ ਹੈ। ਸਾਰੇ ਮਾਪਦੰਡ ਦਿੱਲੀ ’ਚ ਬਿਹਤਰ ਹੁੰਦੇ ਜਾ ਰਹੇ ਹਨ ਅਤੇ ਮੌਤਾਂ ਵੀ ਘਟ ਰਹੀਆਂ ਹਨ। ਦਿੱਲੀ ਦੇ ਹਸਪਤਾਲਾਂ ਵਿਚ 13527 ਬਿਸਤਰੇ ਕਰੋਨਾ ਦੇ ਮਰੀਜ਼ਾਂ ਲਈ ਰਾਖਵੇਂ ਹਨ। ਇਨ੍ਹਾਂ ਵਿਚੋਂ 3115 ਬਿਸਤਰੇ ਵਰਤੋਂ ਵਿਚ ਹਨ ਜਦੋਂਕਿ 10412 ਬਿਸਤਰੇ ਵੱਖ-ਵੱਖ ਹਸਪਤਾਲਾਂ ਵਿਚ ਖਾਲੀ ਪਏ ਹਨ।

ਗਾਰਡ ਆਫ਼ ਆਨਰ ਦੇਣ ਵਾਲੇ ਗਾਰਡ ਇਕਾਂਤਵਾਸ ਕੀਤੇ

ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਲਾਲ ਕਿਲੇ ਦੇ ਆਸ ਪਾਸ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਰਿਹਰਸਲ ਸ਼ੁਰੂ ਹੋ ਗਈ ਹੈ। ਕਰੋਨਾਵਾਇਰਸ ਦੀ ਰੋਕਥਾਮ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਲਾਲ ਕਿਲੇ ਦੇ ਨੇੜੇ ਤਾਇਨਾਤ ਸਿਪਾਹੀ ਪੀਪੀਈ ਕਿੱਟ ਪਹਿਨਣਗੇ ਅਤੇ ਦੁਆਲੇ ਮੈਟਲ ਡਿਟੈਕਟਰ ਤੇ ਹੈਂਡ ਸੈਨੇਟਾਈਜ਼ਰ ਹੋਣਗੇ। ਇਸ ਦੇ ਨਾਲ ਹੀ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਰਿਜ਼ਰਵ ਪੁਲੀਸ ਫੋਰਸ ਦੇ ਜਵਾਨ ਕੋਵਿਡ -19 ਟੈਸਟ ਤੋਂ 15 ਦਿਨਾਂ ਬਾਅਦ ਕਰੋਨਾਵਾਇਰਸ ਕਾਰਨ ਸੁਰੱਖਿਆ ਚੱਕਰ ਦੇ ਅਧੀਨ ਲਏ ਗਏ ਸਨ। ਇਹ ਸਾਰੇ ਸਿਪਾਹੀ ਹਨ ਜੋ ਗਾਰਡ ਆਫ਼ ਆਨਰ ਦੇਣਗੇ। ਇੱਥੇ ਤਕਰੀਬਨ 300 ਜਵਾਨ ਹਨ ਜੋ ਕਿ ਇਕਾਂਤਵਾਸ ਵਿੱਚ ਹਨ। ਉਹ ਸਾਰੇ ਜ਼ਰੂਰੀ ਨਿਯਮਾਂ ਤੇ ਸਮਾਜਕ ਦੂਰੀ ਦੇ ਨਿਯਮਾਂ ਦੇ ਨਾਲ ਪੁਲੀਸ ਕੰਪਲੈਕਸ ਦੇ ਅੰਦਰ ਰੱਖੇ ਗਏ ਹਨ, ਜਿਨ੍ਹਾਂ ਵਿੱਚ ਕਰੋਨਾ ਦੇ ਲੱਛਣ ਨਹੀਂ ਮਿਲੇ। ਇਹ ਸਾਰੇ ਜਵਾਨ ਵੱਖਰੇ ਹਨ। ਡੀਸੀਪੀ ਰੈਂਕ ਦੇ ਸਿਰਫ ਦੋ ਪਰੇਡ ਕਮਾਂਡਰ ਲੋੜੀਂਦੇ ਹਨ। ਹਾਲਾਂਕਿ ਚਾਰ ਅਜਿਹੇ ਅਧਿਕਾਰੀ ਇਕਾਂਤਵਾਸ ਵਿੱਚ ਹਨ।

ਮਾਸਕ ਨਾ ਪਾਉਣ ਵਾਲਿਆਂ ’ਤੇ ਸਖ਼ਤੀ

ਕੋਰਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਧਣ ਦੇ ਨਾਲ ਦਿੱਲੀ ਵਿੱਚ ਅਧਿਕਾਰੀਆਂ ਨੇ ਮਾਸਕ ਦੀ ਵਰਤੋਂ ਨੂੰ ਲਾਗੂ ਕਰਨ ਅਤੇ ਜਨਤਕ ਤੌਰ ‘ਤੇ ਮਾਸਕ ਨਹੀਂ ਪਹਿਨਣ ਵਾਲੇ ਲੋਕਾਂ ਨੂੰ ਕੋਈ ਢਿੱਲ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਪੁਲੀਸ ਨੇ ਜੁਰਮਾਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜਨਤਕ ਥਾਵਾਂ ‘ਤੇ ਮਾਸਕ ਨਾ ਪਾ ਕੇ ਘੁੰਮ ਰਹੇ ਵਿਅਕਤੀਆਂ ਨੂੰ ਚਲਾਨ ਜਾਰੀ ਕੀਤੇ ਗਏ ਹਨ। ਕੌਮੀ ਰਾਜਧਾਨੀ ਦੇ ਵੱਖ-ਵੱਖ ਬਾਜ਼ਾਰਾਂ ਵਿਚ ਪੁਲੀਸ ਵੱਲੋਂ ਸਜ਼ਾ ਦਿੱਤੀ ਗਈ, ਜਿਸ ਵਿਚ ਮਸ਼ਹੂਰ ਕਨੌਟ ਪਲੇਸ ਮਾਰਕੀਟ ਵੀ ਸ਼ਾਮਲ ਹੈ। ਦਿੱਲੀ ਪੁਲੀਸ ਵੱਲੋਂ ਕਰੋਨਾ ਦੀ ਰੋਕਥਾਮ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਲਾਏ ਜਾ ਰਹੇ ਹਨ। ਪੁਲੀਸ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਨੂੰ ਕਰੋਨਾ ਨੇਮਾਂ ਦੀ ਪਾਲਣਾ ਕਰਨ ਦੀਆਂ ਵੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All