ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਹਿਰਾਸਤ 10 ਸਤੰਬਰ ਤੱਕ ਵਧਾ ਦਿੱਤੀ। ਹੁਸੈਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹੈ। ਇਹ ਫੈਸਲਾ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸੁਣਾਇਆ। ਇਕ ਦਿਨ ਪਹਿਲਾਂ ਅਦਾਲਤ ਨੇ ਈਡੀ ਦੀ ਅਪੀਲ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਈਡੀ ਨੇ ਤਾਹਿਰ ਹੁਸੈਨ ਦੀ ਨੌਂ ਦਿਨਾਂ ਲਈ ਹਿਰਾਸਤ ਮੰਗੀ ਸੀ। ਈਡੀ ਨੇ ਇਕ ਵੀਡੀਓ ਕਾਨਫਰੰਸ ਜ਼ਰੀਏ ਹੁਸੈਨ ਨਾਲ ਮੁਲਾਕਾਤ ਕੀਤੀ। ਏਜੰਸੀ ਨੇ ਕਿਹਾ ਸੀ ਕਿ ਹੁਸੈਨ ਨੂੰ ਡਾਕਟਰੀ ਜਾਂਚ ਦੇ ਕਾਰਨ 29 ਅਗਸਤ ਦੀ ਬਜਾਏ 31 ਅਗਸਤ ਨੂੰ ਹਿਰਾਸਤ ’ਚ ਲੈ ਲਿਆ ਸੀ। ਹੁਸੈਨ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਕੇ.ਕੇ ਮਾਨਨ ਨੇ ਈਡੀ ਦੀ ਰਿਮਾਂਡ ਦੀ ਸਖਤ ਵਿਰੋਧਤਾ ਕਰਦਿਆਂ ਇਸ ਸਬੰਧ ’ਚ ਵੱਖ-ਵੱਖ ਫੈਸਲਿਆਂ ਦਾ ਹਵਾਲਾ ਦਿੱਤਾ। ਈਡੀ ਵੱਲੋਂ ਐਡਵੋਕੇਟ ਅਮਿਤ ਮਹਾਜਨ ਤੇ ਨਵੀਨ ਕੁਮਾਰ ਪੇਸ਼ ਹੋਏ।