ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਮਦਰ ਡੇਅਰੀ ਵੱਲੋਂ 17 ਅਗਸਤ ਤੋਂ ਦਿੱਲੀ-ਐੱਨਸੀਆਰ ਖੇਤਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਖਰੀਦ, ਫੀਡ ਅਤੇ ਚਾਰੇ ਦੀ ਲਾਗਤ ਵਿੱਚ ਵਾਧਾ ਹੋਣਾ ਦੱਸਿਆ ਗਿਆ ਹੈ। ਇਸ ਵਾਧੇ ਤੋਂ ਬਾਅਦ ਬੁੱਧਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 61 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ। ‘ਟੋਨਡ’ ਦੁੱਧ ਦੀ ਕੀਮਤ 51 ਰੁਪਏ ਪ੍ਰਤੀ ਲਿਟਰ ਅਤੇ ਡਬਲ ਟਨ ਦੁੱਧ ਦੀ ਕੀਮਤ 45 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਜਾਵੇਗੀ। ਗਾਂ ਦੇ ਦੁੱਧ ਦੀ ਕੀਮਤ 53 ਰੁਪਏ ਪ੍ਰਤੀ ਲਿਟਰ ਹੋਵੇਗੀ। ‘ਬਲਕ ਵੇਂਡਡ’ ਦੁੱਧ (ਟੋਕਨ ਦੁੱਧ) ਦੀ ਕੀਮਤ ਹੁਣ 48 ਰੁਪਏ ਪ੍ਰਤੀ ਲਿਟਰ ਹੋਵੇਗੀ। ਕੰਪਨੀ ਨੇ ਕਿਹਾ ਕਿ ਇਸ ਵਾਧੇ ਨਾਲ ਹਿੱਸੇਦਾਰਾਂ, ਖਪਤਕਾਰਾਂ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਮਦਰ ਡੇਅਰੀ ਨੇ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ 10 ਫ਼ੀਸਦੀ ਤੋਂ 11 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਮਦਰ ਡੇਅਰੀ ਦੁੱਧ ਦੀਆਂ ਕੀਮਤਾਂ ਵਧਾਉਣ ਵਾਲੀ ਇਕੱਲੀ ਕੰਪਨੀ ਨਹੀਂ ਹੈ। ਇਸ ਦੀ ਪ੍ਰਤੀਯੋਗੀ ਅਮੂਲ ਜਾਂ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀਸੀਐੱਮਐੱਮਐੱਫ) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। 2 ਰੁਪਏ ਪ੍ਰਤੀ ਲਿਟਰ ਦੇ ਵਾਧੇ ਨਾਲ ਐੱਮਆਰਪੀ ’ਚ 4 ਫ਼ੀਸਦੀ ਦਾ ਵਾਧਾ, ਔਸਤ ਖੁਰਾਕੀ ਮਹਿੰਗਾਈ ਦਰ ਤੋਂ ਘੱਟ ਹੈ।