ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਸਤੰਬਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਨਵੇਂ ਪ੍ਰਸ਼ਾਦਿ ਘਰ ਦਾ ਉਦਘਾਟਨ ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਹਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਚੋਣਾਂ ਤੋਂ ਪਹਿਲਾਂ ਸੰਗਤਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਤੇ ਅਮਲ ਕਰਦਿਆਂ ਸੰਗਤਾਂ ਲਈ ਨਵੇਂ ਪ੍ਰਸ਼ਾਦਿ ਘਰ ਅਤੇ ਰੁਮਾਲਾ ਸਾਹਿਬ ਦੇ ਕਾਊਂਟਰ ਸ਼ੁਰੂ ਕਰ ਦਿੱਤੇ ਹਨ| ਹੁਣ ਸੰਗਤ ਨੂੰ ਇਕੋ ਅਸਥਾਨ ਤੋਂ ਪ੍ਰਸ਼ਾਦਿ ਦੀ ਪਰਚੀ ਅਤੇ ਪ੍ਰਸ਼ਾਦਿ ਮਿਲੇਗਾ ਅਤੇ ਇਸ ਤੋਂ ਬਾਅਦ ਭੋਗ ਲਗਵਾਉਣ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ, ਉੱਥੇ ਹੀ ਸੰਗਤਾਂ ਪ੍ਰਸ਼ਾਦਿ ਨੂੰ ਭੋਗ ਵੀ ਲਗਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਬਜ਼ੁਰਗ ਸ਼ਰਧਾਲੂ ਪ੍ਰਸ਼ਾਦਿ ਲੈਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਸੁਵਿਧਾ ਹੁੰਦੀ ਹੈ ਪਰ ਨਵੇਂ ਪ੍ਰਸ਼ਾਦਿ ਘਰ ਦੇ ਬਣਨ ਨਾਲ ਉਨ੍ਹਾਂ ਨੂੰ ਸਹੂਲੀਅਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਦਿ ਘਰ ਸ਼ੁਰੂ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਹਰਮਨਜੀਤ ਸਿੰਘ ਦੇ ਨਾਲ ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਪਰਮਿੰਦਰ ਕੌਰ, ਹਰਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਥਾਵਾਚਕ ਸਤਨਾਮ ਮੌਜੂਦ ਸਨ|