ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੱਤ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਹੌਲੀ-ਹੌਲੀ ਦੇਸ਼ ਦੀ ਈਵੀ ਰਾਜਧਾਨੀ ਬਣ ਰਿਹਾ ਹੈ। ਕੇਜਰੀਵਾਲ ਨੇ ਸਮਾਗਮ ਵਿੱਚ ਕਿਹਾ ਕਿ 2020 ਵਿੱਚ ਦਿੱਲੀ ਸਰਕਾਰ ਨੇ ਈਵੀ ਨੀਤੀ ਤਿਆਰ ਕੀਤੀ ਸੀ ਤੇ ਸਾਨੂੰ ਉਮੀਦ ਨਹੀਂ ਸੀ ਕਿ ਅਜਿਹਾ ਸ਼ਾਨਦਾਰ ਹੁੰਗਾਰਾ ਮਿਲੇਗਾ। ਪਿਛਲੇ ਸਾਲ ਵਿੱਚ 25,809 ਵਾਹਨ ਵੇਚੇ ਗਏ ਸਨ ਅਤੇ ਇਨ੍ਹਾਂ ਸੱਤ ਮਹੀਨਿਆਂ ਵਿੱਚ 29,000 ਤੋਂ ਵੱਧ ਵਾਹਨ ਵੇਚੇ ਗਏ ਹਨ ਤੇ ਇਸ ਸਾਲ ਦੇ ਅੰਤ ਤੱਕ ਗਿਣਤੀ ਹੋਰ ਵਧੇਗੀ। ਇਸ ਸਾਲ ਵਿਕਣ ਵਾਲੇ ਵਾਹਨਾਂ ਦਾ 9.3 ਫੀਸਦ ਇਲੈਕਟ੍ਰਿਕ ਵਾਹਨਾਂ ਦਾ ਸੀ, ਜਿਸ ਵਿੱਚ ਦੋ ਪਹੀਆ ਵਾਹਨ ਸਭ ਤੋਂ ਵੱਧ ਵਿਕੇ। ਕੇਜਰੀਵਾਲ ਨੇ ਦੱਸਿਆ ਕਿ ਇੱਕ ਐਪਲੀਕੇਸ਼ਨ ਰਾਹੀਂ ਲੋਕ ਆਪਣੇ ਨਜ਼ਦੀਕੀ ਚਾਰਜਿੰਗ ਸਟੇਸ਼ਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਸਟੇਸ਼ਨਾਂ ’ਤੇ ਦੋ ਤਰ੍ਹਾਂ ਦੀਆਂ ਚਾਰਜਿੰਗ ਸੇਵਾਵਾਂ ਉਪਲਬਧ ਹਨ, ਫਾਸਟ ਚਾਰਜਿੰਗ, ਜਿਸ ਵਿਚ 10 ਰੁਪਏ ਪ੍ਰਤੀ ਯੂਨਿਟ ਬਿਜਲੀ ਅਤੇ ਹੌਲੀ ਚਾਰਜਿੰਗ ਲਈ 3 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਖਪਤ ਕਰਨੀ ਪਵੇਗੀ।