ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਾਰਚ
ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ 24 ਘੰਟੇ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ, ਦਿੱਲੀ ਦੇ ਜਲ ਮੰਤਰੀ ਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤਿੰਦਰ ਜੈਨ ਨੇ ਮਾਇਆਪੁਰੀ ਵਿੱਚ 1.24 ਕਰੋੜ ਲਿਟਰ ਦੀ ਸਮਰੱਥਾ ਵਾਲੇ ਇੱਕ ਭੂਮੀਗਤ ਭੰਡਾਰ ਅਤੇ ਬੂਸਟਰ ਪੰਪਿੰਗ ਸਟੇਸ਼ਨ ਦਾ ਉਦਘਾਟਨ ਕੀਤਾ।
ਇਸ ਸਮੇਂ ਮਾਇਆਪੁਰੀ ਦੇ ਕੁਝ ਇਲਾਕੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਗਰਮੀਆਂ ਦੌਰਾਨ ਇੱਥੇ ਪਾਣੀ ਦਾ ਸੰਕਟ ਹੋਰ ਵਧ ਜਾਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਦਿੱਲੀ ਸਰਕਾਰ ਨੇ ਇਸ ਖੇਤਰ ਵਿੱਚ ਜ਼ਮੀਨਦੋਜ਼ ਭੰਡਾਰ ਅਤੇ ਬੂਸਟਰ ਪੰਪਿੰਗ ਸਟੇਸ਼ਨ ਸਥਾਪਤ ਕੀਤਾ ਹੈ। ਜਲ ਮੰਤਰੀ ਨੇ ਕਿਹਾ ਕਿ ਮਾਇਆਪੁਰੀ ਵਿੱਚ 1.24 ਕਰੋੜ ਲਿਟਰ ਦੀ ਸਮਰੱਥਾ ਵਾਲੇ ਯੂਜੀਆਰ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਹਰੀ ਨਗਰ ਅਤੇ ਦਿੱਲੀ ਵਿਧਾਨ ਸਭਾ ਹਲਕਿਆਂ ਵਿੱਚ ਪਾਣੀ ਦੀ ਸਪਲਾਈ ਬਿਹਤਰ ਹੋਵੇਗੀ। ਇਸ ਯੂਜੀਆਰ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਖਜਾਨ ਬਸਤੀ, ਮਾਇਆ ਐਨਕਲੇਵ, ਐਮ-ਬਲਾਕ, ਹਰੀ ਨਗਰ, ਸੁਭਾਸ਼ ਨਗਰ ਦਾ ਕੁਝ ਹਿੱਸਾ, ਏ-ਬਲਾਕ, ਮਾਇਆਪੁਰੀ ਪੀ.ਐਚ.ਐਲ ਅਤੇ ਐਲ.ਐਲ ਸਮੇਤ ਲਗਭਗ 1.50 ਲੱਖ ਵਸਨੀਕਾਂ ਨੂੰ ਲੋੜੀਂਦੇ ਪ੍ਰੈਸ਼ਰ ਨਾਲ ਪਾਣੀ ਉਪਲਬਧ ਹੋਵੇਗਾ ਤੇ ਸਿੱਧਾ ਫਾਇਦਾ ਹੋਵੇਗਾ। ਪ੍ਰਾਜੈਕਟ ਦੀ ਲਾਗਤ ਵਿੱਚ 10 ਸਾਲਾਂ ਦਾ ਸੰਚਾਲਨ ਅਤੇ ਰੱਖ-ਰਖਾਅ ਵੀ ਸ਼ਾਮਲ ਹੈ।