ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਅੱਜ ਮੇਨ ਰੋਡ ਟੋਡਾਪੁਰ ਪਿੰਡ ਵਿੱਚ ਰਾਜਿੰਦਰ ਨਗਰ ਵਿਧਾਨ ਸਭਾ ਉਪ ਚੋਣ ਲਈ ਕਾਂਗਰਸੀ ਉਮੀਦਵਾਰ ਪ੍ਰੇਮ ਲਤਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਰਾਜਿੰਦਰ ਨਗਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਨੇ ਦਿੱਲੀ ਵਾਸੀਆਂ ਨੂੰ ਨਾਅਰਾ ਦਿੱਤਾ, ‘ਕੇਜਰੀਵਾਲ ਦੀ ਲੋੜ ਨਹੀਂ’। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਨਹੀਂ ਹੈ ਤਾਂ ਕੇਜਰੀਵਾਲ ਨਹੀਂ ਹੈ, ਜੇਕਰ ਸੁਰੱਖਿਆ ਨਹੀਂ ਹੈ ਤਾਂ ਕੇਜਰੀਵਾਲ ਨਹੀਂ ਹੈ, ਜੇਕਰ ਰਾਸ਼ਨ ਨਹੀਂ ਹੈ ਤਾਂ ਕੇਜਰੀਵਾਲ ਨਹੀਂ ਹੈ।
ਉਨ੍ਹਾਂ ਰਾਜਿੰਦਰ ਨਗਰ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਂਦੇ ਹਨ ਤਾਂ ਰਾਜਿੰਦਰ ਨਗਰ ਵਿਧਾਨ ਸਭਾ ਵਿੱਚ ਕਾਂਗਰਸ ਵੱਲੋਂ 15 ਸਾਲਾਂ ਤੋਂ ਕੀਤੇ ਵਿਕਾਸ ਨੂੰ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ, ਵਿਰਸਾ ਅਤੇ ਤਜ਼ਰਬਾ ਇਲਾਕੇ ਦੇ ਲੋਕਾਂ ਨੂੰ ਦੱਸਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਕਰਾਵਲ ਨਗਰ ਤੋਂ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਜਿਸ ’ਤੇ ਨਿਗਮ ਵਿਚ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹਨ।