ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਦੱਖਣੀ ਦਿੱਲੀ ਦੇ ਗੋਬਿੰਦਪੁਰੀ ਵਿੱਚ 7 ਨੰਬਰ ਗਲੀ ਵਿੱਚ ਸਥਿਤ ਦਸ਼ਮੇਸ਼ ਪਬਲਿਕ ਸਕੂਲ ਦੀ ਕੰਪਿਊਟਰ ਲੈਬ ਦਾ ਉਦਘਾਟਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਲੈਬ ਵਿੱਚ ਸੱਤ ਆਧੁਨਿਕ ਕੰਪਿਊਟਰ ਸਥਾਪਤ ਕੀਤੇ ਗਏ ਹਨ ਜਿੱਥੇ ਵਿਦਿਆਰਥੀਆਂ ਨੂੰ ਮਾਹਿਰਾਂ ਵੱਲੋਂ ਕੰਪਿਊਟਰ ਦਾ ਮੁੱਢਲਾ ਗਿਆਨ ਤੇ ਪੰਜਵੀਂ ਤੱਕ ਦੇ ਬੱਚਿਆਂ ਮੁਤਾਬਕ ਸਿੱਖਿਆ ਦਿੱਤੀ ਜਾਵੇਗੀ। ਸਿੰਘ ਸਭਾ ਦੇ ਜਨਰਲ ਸਕੱਤਰ ਹਰਦਿੱਤ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ ਸਕੂਲ ਵਿੱਚ ਸਵਾ 400 ਦੇ ਕਰੀਬ ਬੱਚੇ ਪੜ੍ਹਦੇ ਹਨ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਜੋਕਾ ਤੇ ਅਗਲਾ ਸਮਾਂ ਕੰਪਿਊਟਰ ਦਾ ਯੁੱਗ ਹੀ ਹੋਵੇਗਾ ਇਸ ਲਈ ਸਕੂਲ ਵੱਲੋਂ ਸਾਰਥਕ ਉਪਰਾਲਾ ਕੀਤਾ ਗਿਆ ਹੈ। ਕਮੇਟੀ ਵੱਲੋਂ ਜੋ ਵੀ ਸਹਿਯੋਗ ਦੀ ਲੋੜ ਹੋਵੇਗੀ ਕਮੇਟੀ ਕਰੇਗੀ। ਹਰਦਿੱਤ ਸਿੰਘ ਗੋਬਿੰਦਪੁਰੀ ਨੇ ਕਿਹਾ ਇੱਥੇ ਫ਼ੀਸਾਂ ਬਹੁਤ ਘੱਟ ਹਨ ਤੇ ਸਥਾਨਕ ਸੰਗਤ ਦੀ ਮਦਦ ਨਾਲ ਸਿੰਘ ਸਭਾ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਿੱਖ ਭਾਈਚਾਰੇ ਦੇ ਬੱਚਿਆਂ ਦੀ ਗਿਣਤੀ ਕਰੀਬ 30 ਫ਼ੀਸਦੀ ਹੈ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਤੇ ਹੋਰ ਸੱਜਣ ਵੀ ਹਾਜ਼ਰ ਸਨ।