ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਨਾਨਕ ਪਿਆਊ ਕੰਪਲੈਕਸ ਵਿਚ ਦੂਜਾ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਹੈ, ਜਿਸ ਦਾ ਉਦਘਾਟਨ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਨੇ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਦੂਜੀ ਬ੍ਰਾਂਚ ਹੈ, ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੂਰਬੀ, ਪੱਛਮੀ ਦਿੱਲੀ ਤੋਂ ਇਲਾਵਾ ਹੋਰ ਭਾਗਾਂ ਵਿਚ ਵੀ ਅਜਿਹੀਆਂ ਮੈਡੀਕਲ ਸਹੂਲਤਾਂ ਖੋਲ੍ਹਣ ਦੇ ਯਤਨ ਜਾਰੀ ਹਨ ਅਤੇ ਇਹ ਤਰਜੀਹ ਦੇ ਆਧਾਰ ’ਤੇ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਾਲਾ ਪ੍ਰੀਤਮ ਦਵਾਖਾਨੇ ਵਿਚ ਮਾਰਕੀਟ ਦੇ ਮੁਕਾਬਲੇ 80 ਤੋਂ 90 ਫੀਸਦੀ ਸਸਤੀਆਂ ਦਵਾਈਆਂ ਲੋਕਾਂ ਨੁੰ ਮਿਲਣਗੀਆਂ। ਇਸ ਤੋਂ ਇਲਾਵਾ ਦਿਲ ਦੇ ਰੋਗਾਂ ਤੇ ਕੈਂਸਰ ਸਮੇਤ ਹਰ ਬਿਮਾਰੀ ਦੀਆਂ ਦਵਾਈਆਂ ਇਥੇ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮਹਿੰਗੇ ਮੈਡੀਕਲ ਖਰਚਿਆਂ ਦੇ ਦੌਰ ਵਿਚ ਸਸਤੀਆਂ ਦਵਾਈਆਂ ਦੀ ਬਹੁਤ ਜ਼ਰੂਰਤ ਹੈ, ਜਿਸ ਤਹਿਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਇਹ ਦੇਸ਼ ਦਾ ਸਭ ਤੋਂ ਸਸਤੀਆਂ ਦਵਾਈਆਂ ਉਪਲਬਧ ਕਰਵਾਉਣ ਵਾਲਾ ਕੇਂਦਰ ਹੈ ਤੇ ਉਨ੍ਹਾਂ ਨੇ ਕੁਝ ਦਵਾਈਆਂ ਵਿਖਾ ਕੇ ਕੀਮਤਾਂ ਵਿੱਚ ਫਰਕ ਨੂੰ ਵੀ ਲੋਕਾਂ ਸਾਹਮਣੇ ਰੱਖਿਆ।
ਉਨ੍ਹਾਂ ਦੱਸਿਆ ਕਿ ਪੈਂਟਾਸਨ 40 ਦਾ ਐਮ ਆਰ ਪੀ 110 ਰੁਪਏ ਹੈ ਜਦਕਿ ਇਹ ਸਿਰਫ 6 ਰੁਪਏ ਦੀ ਮਿਲੇਗੀ, ਇਸੇ ਤਰੀਕੇ ਕੈਸਸਿਗਲ 500 ਦੀ ਐਮ ਆਰ ਪੀ 108 ਰੁਪਏ ਹੈ ਪਰ ਇਹ ਸਿਰਫ 8 ਰੁਪਏ ਵਿਚ ਮਿਲੇਗੀ।
ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਿੱਖ ਸੰਸਥਾ ਅਜਿਹੇ ਬਾਲਾ ਪ੍ਰੀਤਮ ਦਵਾਖਾਨੇ ਦਿੱਲੀ ਦੇ ਸਾਰੇ ਭਾਗਾਂ ਵਿਚ ਖੋਲ੍ਹਣ ਦਾ ਉਪਰਾਲਾ ਕਰ ਰਹੀ ਹੈ ਤਾਂ ਜੋ ਮੁਸੀਬਤ ਮਾਰੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਦਿੱਲੀ ਕਮੇਟੀ ਲੋਕਾਂ ਦੀ ਸੇਵਾ ਲਈ ਹੋਰ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਜੋ ਭਵਿੱਖ ਵਿੱਚ ਜਾਰੀ ਰਹਿਣਗੇ।
ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਤੇ ਗੁਰਦੁਆਰਾ ਨਾਨਕ ਪਿਆਊ ਦੇ ਚੇਅਰਮੈਨ ਹਰਵਿੰਦਰ ਸਿੰਘ ਕੇਪੀ, ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਅਮਰਜੀਤ ਸਿੰਘ ਪਿੰਕੀ, ਹਰਜੀਤ ਸਿੰਘ ਪੱਪਾ, ਮਨਮੋਹਨ ਸਿੰਘ, ਜਸਬੀਰ ਸਿੰਘ ਜੱਸੀ, ਰਵਿੰਦਰ ਸਿੰਘ ਖੁਰਾਣਾ, ਮਨਜੀਤ ਸਿੰਘ ਔਲਖ, ਸਰਵਜੀਤ ਸਿੰਘ ਵਿਰਕ, ਨੌਜਵਾਨ ਆਗੂ ਜਸਪ੍ਰੀਤ ਸਿਘ ਵਿੱਕੀ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਮੌਜੂਦ ਸਨ।