ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਨੇ ਭਾਰਤ ਦੀ ‘ਈਵੀ ਰਾਜਧਾਨੀ’ ਬਣਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੰਦਰਪ੍ਰਸਥ ਮੈਟਰੋ ਸਟੇਸ਼ਨ ਦੇ ਪਾਰਕਿੰਗ ਖੇਤਰ ਤੋਂ ਦਿੱਲੀ ਵਿੱਚ 11 ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਨੇ ਅੱਜ ਪੂਰੀ ਦੁਨੀਆਂ ਨੂੰ ਸਾਫ਼ ਵਾਤਾਵਰਨ ਵੱਲ ਕੋਸ਼ਿਸ਼ਾਂ ਦਾ ਮਾਡਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਚਾਰਜ ਕਰ ਕੇ ਈ-ਵਾਹਨ ਚਲਾਉਣਾ ਬਹੁਤ ਸਸਤਾ ਹੋਵੇਗਾ। ਇੱਥੇ ਦੋ ਪਹੀਆ ਵਾਹਨ ਚਲਾਉਣ ਦੀ ਕੀਮਤ 7 ਪੈਸੇ, ਤਿੰਨ ਪਹੀਆ ਵਾਹਨ ਦੀ 8 ਪੈਸੇ ਤੇ ਕਾਰ ਦੀ ਕੀਮਤ 33 ਪੈਸੇ ਪ੍ਰਤੀ ਕਿਲੋਮੀਟਰ ਹੋਵੇਗੀ। ਇਨ੍ਹਾਂ 11 ਚਾਰਜਿੰਗ ਸਟੇਸ਼ਨਾਂ ਵਿੱਚ 73 ਚਾਰਜਿੰਗ ਪੁਆਇੰਟ ਤੇ 12 ਸਵੈਪਿੰਗ ਸਟੇਸ਼ਨ ਹਨ, ਜਿੱਥੇ 3 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਚਾਰਜਿੰਗ ਚਾਰਜ ਵਸੂਲੇ ਜਾਣਗੇ। ਅਗਲੇ ਦੋ ਮਹੀਨਿਆਂ ਵਿੱਚ ਦਿੱਲੀ ਵਿੱਚ 900 ਚਾਰਜਿੰਗ ਪੁਆਇੰਟਾਂ ਵਾਲੇ 100 ਈ-ਚਾਰਜਿੰਗ ਸਟੇਸ਼ਨ ਅਤੇ 103 ਸਵੈਪਿੰਗ ਸਟੇਸ਼ਨ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਈਵੀ ਨੀਤੀ ਤਹਿਤ 2024 ਤੱਕ ਦਿੱਲੀ ਵਿੱਚ ਖ਼ਰੀਦੇ ਗਏ ਕੁੱਲ ਵਾਹਨਾਂ ਵਿੱਚੋਂ 25 ਪ੍ਰਤੀਸ਼ਤ ਇਲੈਕਟ੍ਰਿਕ ਵਾਹਨਾਂ ਦਾ ਟੀਚਾ ਰੱਖਿਆ ਹੈ ਤੇ ਦੋ ਸਾਲਾਂ ਵਿੱਚ 10 ਪ੍ਰਤੀਸ਼ਤ ਟੀਚਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਪ੍ਰਾਪਤ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ ਜਿਸ ਨੇ ਈਵੀ ਨੂੰ ਉਤਸ਼ਾਹਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਪਿਛਲੇ ਦੋ ਸਾਲਾਂ ਵਿੱਚ ਦਿੱਲੀ ਵਿਚ 70 ਹਜ਼ਾਰ ਈ-ਵਾਹਨ ਖ਼ਰੀਦੇ ਗਏ ਹਨ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਇਸ ਮਾਮਲੇ ਵਿਚ ਨਿਊਯਾਰਕ ਅਤੇ ਕੈਲੀਫੋਰਨੀਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਮੌਕੇ ਡੀਡੀਸੀ ਉਪ ਪ੍ਰਧਾਨ ਜੈਸਮੀਨ ਸ਼ਾਹ, ਸਥਾਨਕ ਵਿਧਾਇਕ ਪ੍ਰਵੀਨ ਕੁਮਾਰ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਦੌਰਾਨ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਚਾਰਜਿੰਗ ਪੁਆਇੰਟਾਂ ਅਤੇ ਸਪਾਰਿੰਗ ਚਾਰਜਿੰਗ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਇੱਕ ਪੀਪੀਪੀ ਮਾਡਲ ਹੈ, ਜਿਸ ਵਿੱਚ ਸਰਕਾਰ ਨੇ ਪ੍ਰਾਈਵੇਟ ਐਨਟੀਟੀ ਨੂੰ ਬਹੁਤ ਸਸਤੇ ਭਾਅ ਵਿੱਚ ਜ਼ਮੀਨ ਦਿੱਤੀ ਹੈ ਅਤੇ ਉਸ ਨੂੰ 100 ਕਿਲੋਵਾਟ ਬਿਜਲੀ ਦਾ ਕੁਨੈਕਸ਼ਨ ਦਿੱਤਾ ਹੈ। ਇਸ ਤੋਂ ਇਲਾਵਾ ਚਾਰਜਿੰਗ ਸਟੇਸ਼ਨ ਦੀ ਸਥਾਪਨਾ ਅਤੇ ਸੰਚਾਲਨ ਦਾ ਖ਼ਰਚਾ ਐਨਟੀਟੀ ਦੁਆਰਾ ਸਹਿਣ ਕੀਤਾ ਜਾਂਦਾ ਹੈ। ਇੱਥੇ ਈ-ਵਾਹਨ ਮਾਲਕਾਂ ਤੋਂ 3 ਰੁਪਏ ਪ੍ਰਤੀ ਯੂਨਿਟ ਚਾਰਜਿੰਗ ਫੀਸ ਲਈ ਜਾ ਰਹੀ ਹੈ।