ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਤਿਉਹਾਰਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦਿੱਲੀ ਦੇ ਬਾਜ਼ਾਰਾਂ ਵਿੱਚ ਰੌਣਕ ਲੱਗੀਆਂ ਹੋਈ ਹੈ ਤੇ ਕਰੋਨਾ ਕਾਲ ਮਗਰੋਂ ਹੁਣ ਦਿੱਲੀ ਦੇ ਵਪਾਰੀ ਚੰਗੇ ਦਿਨਾਂ ਦੀ ਆਸ ਕਰ ਰਹੇ ਹਨ। ਦਿੱਲੀ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਸਾਮਾਨ ਨਾਲ ਸਜੀਆਂ ਹੋਈਆਂ ਹਨ ਤੇ ਦਸਹਿਰੇ ਤੇ ਦੀਵਾਲੀ ਤੋਂ ਪਹਿਲਾਂ ਦੁਕਾਨਦਾਰਾਂ ਨੇ ਲੋੜ ਤੇ ਮੰਗ ਮੁਤਾਬਕ ਸਾਮਾਨ ਦੁਕਾਨਾਂ ਵਿੱਚ ਭਰ ਲਿਆ। ਥੋਕ ਤੋਂ ਇਲਾਵਾ ਪ੍ਰਚੂਨ ਬਾਜ਼ਾਰਾਂ ਵਿੱਚ ਹਰ ਪਾਸੇ ਗਾਹਕ ਖਰੀਦਦਾਰੀ ਕਰਦੇ ਨਜ਼ਰ ਆ ਰਹੇ ਹਨ। ਸਦਰ ਬਾਜ਼ਾਰ, ਕਰੋਲ ਬਾਗ਼, ਸਰੋਜਨੀ ਨਗਰ, ਚਾਂਦਨੀ ਚੌਕ ਤੇ ਹੋਰ ਥੋਕ/ਖੁਦਰਾ ਬਾਜ਼ਾਰਾਂ ਵਿੱਚ ਭੀੜ ਸੀ। ਸਦਰ ਬਾਜ਼ਾਰ ਦੇ ਵਪਾਰੀ ਆਗੂ ਤੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਉਮੀਦ ਹੈ ਕਿ ਕਰੋਨਾ ਕਾਲ ਮਗਰੋਂ ਲੋਕ ਉਤਸ਼ਾਹ ਨਾਲ ਇਹ ਦੀਵਾਲੀ ਮਨਾਉਣਗੇ, ਜਿਸ ਨਾਲ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ।