ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਵੀਂ ਦਿੱਲੀ ਨਗਰ ਪਰਿਸ਼ਦ (ਐੱਨਡੀਐੱਮਸੀ) ਦੀ ਮੀਟਿੰਗ ਦੌਰਾਨ ਸਕੂਲਾਂ ਨੂੰ ਵਿਧਾਇਕ ਫੰਡ ਦਾ ਪੈਸਾ ਨਾ ਦੇਣ ਸਬੰਧੀ ਸਵਾਲਾਂ ਦੇ ਜਵਾਬ ਨਾ ਦੇਣ ਦਾ ਵਿਸ਼ਾ ਭਖ਼ ਗਿਆ ਹੈ। ਭਾਜਪਾ ਨੇ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੁਟੇਜ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿੱਥੇ ਉਨ੍ਹਾਂ ਦਾ ਆਪਣੇ ਹਲਕੇ ਵਿੱਚ ਸਕੂਲਾਂ ਦੇ ਵਿਕਾਸ ਸਬੰਧੀ ਦਾਅਵਿਆਂ ਬਾਰੇ ਭਾਜਪਾ ਦੇ ਇੱਕ ਨੇਤਾ ਦਾ ਸਾਹਮਣਾ ਕਰਨਾ ਪਿਆ। ਵੀਡੀਓ ਵਿੱਚ ਨਵੀਂ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਐਨਡੀਐਮਸੀ) ਦੇ ਮੈਂਬਰ ਕੁਲਜੀਤ ਸਿੰਘ ਚਾਹਲ ਸਕੂਲ ਦੇ ਵਿਕਾਸ ਬਾਰੇ ‘ਆਪ’ ਸਰਕਾਰ ਦੇ ਦਾਅਵਿਆਂ ਬਾਰੇ ਮੁੱਖ ਮੰਤਰੀ ਨੂੰ ਸੁਆਲ ਕਰ ਰਹੇ ਹਨ। ਉਨ੍ਹਾਂ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਹਵਾਲੇ ਨਾਲ ਇੱਕ ਸਵਾਲ ਪੁੱਛਿਆ ਕਿ ਕੀ ਕੇਜਰੀਵਾਲ ਨੇ ਐਨਡੀਐਮਸੀ ਸਕੂਲਾਂ ਵਿੱਚ ਵਿਕਾਸ ਲਈ ਆਪਣੇ ਵਿਧਾਇਕ ਕੋਟੇ ਤੋਂ ਫੰਡਾਂ ਦੀ ਵਰਤੋਂ ਕੀਤੀ? ਆਰਟੀਆਈ ਮੁਤਾਬਕ 2015-16 ਤੋਂ 2021-22 ਤੱਕ ਕੇਜਰੀਵਾਲ ਨੇ ਕੋਈ ਪੈਸਾ ਨਹੀਂ ਦਿੱਤਾ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕਰਦਿਆਂ ਕਿਹਾ ਕਿ ਕੇਜਰੀਵਾਲ ਮੀਟਿੰਗ ਤੋਂ ਭੱਜ ਗਏ ਕਿਉਂਕਿ ‘ਆਪ’ ਨੇਤਾ ਮੀਟਿੰਗ ਦੌਰਾਨ ਉਠਾਏ ਗਏ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਕੇਜਰੀਵਾਲ ਨੇ ਆਪਣੇ ਹਲਕੇ ਦੇ ਸਕੂਲਾਂ ਦੀ ਹਾਲਤ ਸੁਧਾਰਨ ਲਈ ਫੰਡ ਦੀ ਵਰਤੋਂ ਨਹੀਂ ਕੀਤੀ ਹੈ। ਭਾਜਪਾ ਨੇ ਕਿਹਾ ਕਿ ਜਵਾਬ ਦੇਣ ਤੋਂ ਅਸਮਰੱਥ ਕੇਜਰੀਵਾਲ ਮੀਟਿੰਗ ਤੋਂ ਭੱਜ ਗਏ।