ਨਵੀਂ ਦਿੱਲੀ, 12 ਜੁਲਾਈ
ਇਕ ਕਾਰੋਬਾਰੀ ਰਿਪੋਰਟ ਅਨੁਸਾਰ ਘੱਟ ਸਪਲਾਈ ਹੋਣ ਕਾਰਨ ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਟਮਾਟਰ 70 ਰੁਪਏ ਕਿੱਲੋ ਪਰਚੂਨ ’ਚ ਵਿਕਿਆ। ਦਿੱਲੀ ਵਿੱਚ ਪਹਿਲੀ ਜੂਨ ਤੋਂ ਟਮਾਟਰ ਦਾ ਵਿਕਰੀ ਮੁੱਲ ਹਰ ਹਫ਼ਤੇ 10-10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਧਦਾ ਆ ਰਿਹਾ ਹੈ। ਕੀਮਤਾਂ ’ਚ ਇਹ ਵਾਧਾ ਨਾ ਸਿਰਫ਼ ਦਿੱਲੀ ਦੀਆਂ ਗੈਰ-ਸੰਗਠਿਤ ਪਰਚੂਨ ਮਾਰਕੀਟਾਂ ’ਚ ਹੋ ਰਿਹਾ ਹੈ ਬਲਕਿ ਮਦਰ ਡੇਅਰੀ ਦੇ ਸਫ਼ਲ ਸਟੋਰ ਅਤੇ ਬਿੱਗ ਬਾਸਕਿਟ ਵਰਗੇ ਸਟੋਰਾਂ ’ਤੇ ਵੀ ਹੋ ਰਿਹਾ ਹੈ। ਅੱਜ ਬਿੱਗ ਬਾਸਕਿਟ ਵੱਲੋਂ ਟਮਾਟਰ 60 ਤੋਂ 66 ਰੁਪਏ ਕਿੱਲੋ ਤੱਕ ਵੇਚੇ ਗਏ ਅਤੇ ਗਰੌਫਰਜ਼ ’ਚ ਟਮਾਟਰਾਂ ਦਾ ਰੇਟ 53 ਤੋਂ 55 ਰੁਪਏ ਕਿੱਲੋ ਸੀ। ਵਪਾਰੀਆਂ ਨੇ ਦੱਸਿਆ ਕਿ ਗੈਰ-ਸੰਗਠਿਤ ਮਾਰਕੀਟਾਂ ਵਿੱਚ ਟਮਾਟਰ ਦਾ ਰੇਟ 70 ਰੁਪਏ ਕਿੱਲੋ ਤੱਕ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਥੋਕ ਮੰਡੀਆਂ ਵਿੱਚ ਵੀ ਕੀਮਤਾਂ ਕਾਫੀ ਵਧੀਆਂ ਹੋਈਆਂ ਹਨ ਕਿਉਂਕਿ ਪੈਦਾਵਾਰ ਕਰਨ ਵਾਲੇ ਰਾਜਾਂ ਤੋਂ ਟਮਾਟਰ ਨਹੀਂ ਆ ਰਿਹਾ ਹੈ। -ਪੀਟੀਆਈ