ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਦਸੰਬਰ
ਕੋਵਿਡ-19 ਨਾਲ ਇਸ ਸਾਲ ਦਸੰਬਰ ਵਿੱਚ ਹੁਣ ਤੱਕ ਦਿੱਲੀ ਵਿੱਚ ਨੌਂ ਮੌਤਾਂ ਹੋਈਆਂ ਹਨ। ਰਾਜਧਾਨੀ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ ਕਰੋਨਾਵਾਇਰਸ ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਦਿੱਲੀ ਵਿੱਚ ਨਵੰਬਰ ਵਿੱਚ ਕੋਵਿਡ ਕਾਰਨ ਸੱਤ ਮੌਤਾਂ, ਅਕਤੂਬਰ ਵਿੱਚ ਚਾਰ ਅਤੇ ਸਤੰਬਰ ਵਿੱਚ ਪੰਜ ਮੌਤਾਂ ਦਰਜ ਕੀਤੀਆਂ ਗਈਆਂ ਸਨ। ਸਿਹਤ ਵਿਭਾਗ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ 30 ਦਸੰਬਰ ਨੂੰ 1,313 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ ਜੋ ਕਿ 26 ਮਈ ਤੋਂ ਬਾਅਦ ਸਭ ਤੋਂ ਵੱਧ ਇੱਕ ਦਿਨ ਵਿੱਚ ਵਾਧਾ ਹੈ, ਜਦੋਂ ਕਿ ਪਾਜ਼ੇਟਿਵ ਦਰ 1.73 ਪ੍ਰਤੀਸ਼ਤ ਹੋ ਗਈ ਹੈ। ਵੀਰਵਾਰ ਨੂੰ ਸ਼ਹਿਰ ਵਿੱਚ ਕਿਸੇ ਵੀ ਮੌਤ ਦੀ ਖਬਰ ਨਹੀਂ ਹੈ। 27 ਦਸੰਬਰ ਤੇ 28 ਦਸੰਬਰ ਨੂੰ, ਲਾਗ ਕਾਰਨ ਇੱਕ-ਇੱਕ ਮੌਤ ਦਰਜ ਕੀਤੀ ਗਈ ਸੀ।
ਅਧਿਕਾਰਤ ਅੰਕੜਿਆਂ ਅਨੁਸਾਰ ਨਵੰਬਰ ਦੇ ਅੰਤ ਤੱਕ ਦਿੱਲੀ ਵਿੱਚ ਕਰੋਨਾਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 25,098 ਸੀ ਜੋ 30 ਦਸੰਬਰ ਤੱਕ ਵੱਧ ਕੇ 25,107 ਹੋ ਗਈ ਹੈ। ਦਸੰਬਰ ਵਿੱਚ ਰਿਪੋਰਟ ਕੀਤੀ ਗਈ, ਕਰੋਨਾਵਾਇਰਸ ਦੀ ਲਾਗ ਕਾਰਨ 28 ਦਸੰਬਰ ਨੂੰ ਦਰਜ ਕੀਤੀ ਗਈ ਇਕੱਲੀ ਮੌਤ ਨੌਵੀਂ ਮੌਤ ਸੀ। ਇਸ ਤੋਂ ਪਹਿਲਾਂ 2021 ਦੇ ਆਖਰੀ ਮਹੀਨੇ ਵਿੱਚ ਕੋਵਿਡ ਦੇ ਓਮੀਕਰੋਨ ਰੂਪ ਦੇ ਡਰ ਦੇ ਵਿਚਕਾਰ ਅੱਠ ਹੋਰ ਮੌਤਾਂ ਦੀ ਰਿਪੋਰਟ ਕੀਤੀ ਗਈ ਸੀ।
ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਦੀ ਕੋਸ਼ਿਸ਼
ਓਮੀਕਰੋਨ ਦੇ ਮਾਮਲਿਆਂ ਵਿੱਚ ਵਾਧੇ ਦੇ ਦੌਰਾਨ, ਦਿੱਲੀ ਸਰਕਾਰ ਨੇ ਜੀਵਨ ਬਚਾਉਣ ਵਾਲੀ ਗੈਸ ਮੈਡੀਕਲ ਆਕਸੀਜਨ ਬੁਨਿਆਦੀ ਢਾਂਚੇ ਨੂੰ ਵਧਾ ਦਿੱਤਾ ਹੈ। ਸਰਕਾਰ ਨੇ 6,000 ਡੀ-ਟਾਈਪ ਸਿਲੰਡਰ ਵੀ ਖਰੀਦੇ ਹਨ। ਇੱਕ ਡੀ-ਟਾਈਪ ਸਿਲੰਡਰ 46 ਲੀਟਰ ਆਕਸੀਜਨ ਰੱਖ ਸਕਦਾ ਹੈ। ਅਜਿਹੇ ਸਿਲੰਡਰ 31 ਮਈ ਤੱਕ ਸ਼ਹਿਰ ਵਿੱਚ ਉਪਲਬਧ ਨਹੀਂ ਸਨ। ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਕੋਲ 9,115 ਤੋਂ ਵੱਧ ਸਿਲੰਡਰ ਹਨ। ਸ਼ਹਿਰ ਵਿੱਚ ਪ੍ਰੈਸ਼ਰ ਐਡਸੋਰਪਸ਼ਨ ਪਲਾਂਟ ਵੀ ਹਨ ਜੋ 99.66 ਮੀਟ੍ਰਿਕ ਟਨ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਸਰਕਾਰ 5 ਜਨਵਰੀ, 2022 ਤੱਕ ਚਾਰ ਹੋਰ ਪਲਾਂਟ ਵੀ ਸਥਾਪਿਤ ਕਰੇਗੀ। 12.5 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਦੋ ਕ੍ਰਾਇਓਜੈਨਿਕ ਬੋਟਲਿੰਗ ਪਲਾਂਟ ਇਸ ਹਫ਼ਤੇ ਚਾਲੂ ਕੀਤੇ ਜਾਣਗੇ ਤੇ ਇਨ੍ਹਾਂ ਵਿੱਚ 1,400 ਜੰਬੋ ਸਿਲੰਡਰਾਂ ਨੂੰ ਦੁਬਾਰਾ ਭਰਨ ਦੀ ਸਮਰੱਥਾ ਹੋਵੇਗੀ। ਇੱਕ ਦਿਨ ਵਿੱਚ 31 ਮਈ ਤੱਕ, ਸਰਕਾਰ ਕੋਲ ਤਿੰਨ ਰਿਫਿਲਰ ਸਨ ਜੋ ਪ੍ਰਤੀ ਦਿਨ ਲਗਭਗ 1,500 ਸਿਲੰਡਰ ਭਰ ਸਕਦੇ ਸਨ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਾਜ਼ੇਟਿਵ ਦਰ ਇੱਕ ਪ੍ਰਤੀਸ਼ਤ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਮੈਟਰੋ ਵਿੱਚ ਇੱਕ ਵਾਰ ਸਿਰਫ਼ 200 ਲੋਕ ਹੀ ਕਰ ਸਕਦੇ ਨੇ ਸਫ਼ਰ
ਦਿੱਲੀ ਵਿੱਚ ਮੈਟਰੋ ਰੇਲ ਸਟੇਸ਼ਨਾਂ ਦੇ ਬਾਹਰ ਲੰਬੀਆਂ ਕਤਾਰਾਂ ਇੱਕ ਨਵੀਂ ਆਮ ਗੱਲ ਬਣ ਗਈ ਹੈ ਕਿਉਂਕਿ ਅਧਿਕਾਰੀਆਂ ਨੇ ਸ਼ਹਿਰ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਪਾਬੰਦੀਆਂ ਲਗਾਈਆਂ ਹਨ। ਅੱਠ ਡੱਬਿਆਂ ਵਾਲੀ ਮੈਟਰੋ ਆਮ ਤੌਰ ’ਤੇ ਲਗਭਗ 2,400 ਯਾਤਰੀਆਂ ਨੂੰ ਲਿਜਾ ਜਾ ਸਕਦੀ ਹੈ। ਪ੍ਰਤੀ ਕੋਚ ਲਗਭਗ 50 ਬੈਠਣ ਵਾਲੇ ਯਾਤਰੀ ਤੇ 250 ਖੜ੍ਹੇ ਯਾਤਰੀ ਸ਼ਾਮਲ ਹਨ। ਮੌਜੂਦਾ ਪਾਬੰਦੀਆਂ ਦੇ ਨਾਲ ਹਰੇਕ ਕੋਚ ਵਿੱਚ ਹੁਣ ਸਿਰਫ 25 ਯਾਤਰੀ ਹੀ ਬੈਠ ਸਕਦੇ ਹਨ। ਇੱਕ ਅੱਠ ਡੱਬਿਆਂ ਵਾਲੀ ਰੇਲਗੱਡੀ ਹੁਣ ਲੱਗਪਗ 200 ਯਾਤਰੀਆਂ ਨੂੰ ਲੈ ਕੇ ਜਾਦੀ ਹੈ, ਜੋ ਕਿ ਇੱਕ ਰੇਲਗੱਡੀ ਦੀ ਸਮਰੱਥਾ ਤੋਂ 10 ਫੀਸਦੀ ਤੋਂ ਘੱਟ ਹੈ। ਰੇਲ ਗੱਡੀਆਂ ਤੇ ਸਟੇਸ਼ਨਾਂ ਦੇ ਅੰਦਰ ਯਾਤਰੀਆਂ ਦੁਆਰਾ ਕੋਵਿਡ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ, ਮੈਟਰੋ ਨੈਟਵਰਕ ਵਿੱਚ 15 ਫਲਾਇੰਗ ਸਕੁਐਡ ਤਾਇਨਾਤ ਕੀਤੇ ਗਏ ਹਨ।
ਫ਼ਿਲਮ ਨਿਰਮਾਤਾਵਾਂ ਦੀ ਸੰਸਥਾ ਵੱਲੋਂ ਸਿਨੇਮਾ ਹਾਲ ਖੋਲ੍ਹਣ ਦੀ ਮੰਗ
ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ ਨੇ ਦਿੱਲੀ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਥੀਏਟਰ ਦਰਸ਼ਕਾਂ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੇ ਆਪਣੇ ਫੈਸਲੇ ‘ਤੇ ਨਜ਼ਰਸਾਨੀ ਦੀ ਬੇਨਤੀ ਵੀ ਕੀਤੀ, ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮਸਲਾ ਹੈ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਦੇ ਮੈਂਬਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸਿਨੇਮਾ ਹਾਲਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਸੀ। ਗਿਲਡ ਨੇ ਦਿੱਲੀ ਸਰਕਾਰ ਨੂੰ ਵਿਸ਼ੇਸ਼ ਬੇਨਤੀ ਕੀਤੀ ਹੈ, ‘‘ਅਸੀਂ ਦਿੱਲੀ ਸਰਕਾਰ ਨੂੰ ਸਿਨੇਮਾਘਰਾਂ ਨੂੰ ਚਲਾਉਣ ਦੀ ਆਗਿਆ ਦੇਣ ਦੀ ਬੇਨਤੀ ਕਰਦੇ ਹਾਂ। ਸਿਨੇਮਾਘਰ ਘਰ ਤੋਂ ਬਾਹਰ ਦੇ ਮੁਕਾਬਲੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਦੇ ਹੋਏ ਇੱਕ ਸਵੱਛ ਵਾਤਾਵਰਣ ਨੂੰ ਯਕੀਨੀ ਬਣਾਉਣ ਦੀ ਬਿਹਤਰ ਸਮਰੱਥਾ ਨਾਲ ਲੈਸ ਹਨ।’’ ਐਸੋਸੀਏਸ਼ਨ ਨੇ ਉਸ ਬਿਆਨ ਨੂੰ ਵੀ ਸਾਂਝਾ ਕੀਤਾ ਜੋ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (ਐਮਏਆਈ) ਨੇ ਸੋਸ਼ਲ ਮੀਡੀਆ ’ਤੇ ਦਿੱਤਾ ਸੀ।