ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਜਦੋਂ ਕਿਸਾਨ ਆਪਣੇ ਅਧਿਕਾਰਾਂ ਦੀ ਰਾਖੀ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਅਤੇ ਦੇਸ਼ ਭਰ ਵਿੱਚ ਸੰਘਰਸ਼ ਕਰ ਰਹੇ ਹਨ। ਪਿਛਲੇਰੇ ਚਾਰ ਮਹੀਨਿਆਂ ਤੋਂ ਚਲ ਰਹੇ ਕਿਸਾਨੀ ਸੰਘਰਸ਼ ਵਿੱਚ ਔਰਤਾਂ ਵੀ ਅਹਿਮ ਹਨ, ਜਿਹੜੀਆਂ ਜ਼ਿੰਦਗੀ-ਮੌਤ ਦੇ ਸੰਘਰਸ਼ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ । ਖੇਤੀ ਸਬੰਧੀ ਇਨ੍ਹਾਂ ਕਾਨੂੰਨਾਂ ਅਤੇ ਪਿਛੋਂ ਬਣੇ ਹਾਲਾਤਾਂ ਜਿਸ ’ਚ ਵਿਸ਼ੇਸ਼ ਕਰਕੇ ਮਹਿੰਗਾਈ, ਰੋਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਪਵੇਗਾ। ਕਿਉਂਕਿ ਔਰਤਾਂ ਨੂੰ ਹੋਰਨਾਂ ਦਾਬਿਆਂ ਦੇ ਨਾਲ-ਨਾਲ ਦੂਹਰੀ ਮਾਰ ਮਰਦ ਪ੍ਰਧਾਨ ਸਮਾਜਿਕ ਦਾਬੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਅੱਜ 8 ਮਾਰਚ ਨੂੰ ਦਿੱਲੀ ਦੇ ਕਿਸਾਨ-ਮੋਰਚਿਆਂ ’ਚ ਔਰਤਾਂ ਦੀ ਇਤਿਹਾਸਕ ਸ਼ਮੂਲੀਅਤ ਹੋਵੇਗੀ।