ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਰਵਾਸੀ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀਸ਼ਾਹ ਵਣਜਾਰਾ ਹਾਲ ਵਿਖੇ 250 ਬਿਸਤਰਿਆਂ ਦੇ ਕਰੋਨਾ ਇਲਾਜ ਕੇਂਦਰ ਲਈ ਆਕਸੀਜਨ ਕੰਸਨਟਰੇਟਰ ਦਾਨ ਕਰਨ। ਸ੍ਰੀ ਸਿਰਸਾ ਨੇ ਕਿਹਾ ਕਿ ਕਮੇਟੀ ਕੋਲ 100 ਦੇ ਕਰੀਬ ਕੰਸਨਟਰੇਟਰ ਹਨ ਤੇ ਡੇਢ ਸੌ ਹੋਰ ਚਾਹੀਦੇ ਹਨ ਅਤੇ ਇਹ ਪਰਵਾਸੀਆਂ ਲਈ ਔਖਾ ਵੀ ਨਹੀਂ ਹੈ। ਇਸ ਤਰ੍ਹਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਾਲਤ ਬਹੁਤ ਬਦਤਰ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਇਸ ਮੌਕੇ ਨਾਕਾਮ ਰਹੀਆਂ ਹਨ ਤੇ ਸਿਰਫ਼ ਸਿੱਖ ਕੌਮ ਹੀ ਡਟੀ ਹੋਈ ਹੈ ਤੇ ਇਸ ਭਿਆਨਕ ਤਰਾਸਦੀ ਵਿੱਚ ਡਟੇ ਰਹਿਣਗੇ ਅਤੇ ਕੀਮਤੀ ਜਾਨਾਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਦਿੱਲੀ ਕਮੇਟੀ ਵੱਲੋਂ ਦਮਦਮਾ ਸਾਹਿਬ ਵਿਖੇ ਵੀ ਆਕਸੀਜਨ ਦਾ ਲੰਗਰ ਬੀਤੇ ਦਿਨ ਸ਼ੁਰੂ ਕੀਤਾ ਗਿਆ ਸੀ ਪਰ ਉੱਥੇ ਵੀ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਆਕਸੀਜਨ ਦਿੱਲੀ ਵਿੱਚ ਮਿਲਣੀ ਹੀ ਔਖੀ ਹੋ ਗਈ ਹੈ। ਉਨ੍ਹਾਂ ਹੋਰ ਲੋਕਾਂ ਨੂੰ ਵੀ ਆਕਸੀਜਨ ਦੀ ਸਪਲਾਈ ਭੇਜਣ ਲਈ ਮਦਦ ਕਰਨ ਲਈ ਕਿਹਾ।