ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਪਰੈਲ
ਰਾਜਧਾਨੀ ਵਿੱਚ ਗ਼ੈਰਕਾਨੂੰਨੀ ਉਸਾਰੀਆਂ ਕਰਨ ਲਈ ਨਗਰ ਨਿਗਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਆਤਿਸ਼ੀ ਨੇ ਵੀਰਵਾਰ ਨੂੰ ਕਿਹਾ ਉਮੀਦ ਹੈ ਕਿ ਸੁਪਰੀਮ ਕੋਰਟ ਦਿੱਲੀ ਵਿੱਚ ਗ਼ੈਰਕਾਨੂੰਨੀ ਉਸਾਰੀਆਂ ਦੀ ਇਜਾਜ਼ਤ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਜਪਾ ਪਿਛਲੇ 15 ਸਾਲਾਂ ਤੋਂ ਦਿੱਲੀ ਨਗਰ ਨਿਗਮ ’ਤੇ ਰਾਜ ਕਰ ਰਹੀ ਹੈ ਤੇ ਇਨ੍ਹਾਂ ਦੀ ਨਿਗਰਾਨੀ ਹੇਠ ਹੀ ਨਾਜਾਇਜ਼ ਉਸਾਰੀ ਕੀਤੀ ਗਈ ਸੀ।
ਆਤਿਸ਼ੀ ਨੇ ਦੱਸਿਆ ਕਿ ਭਾਜਪਾ ਪਿਛਲੇ 15 ਸਾਲਾਂ ਤੋਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰਕਾਨੂੰਨੀ ਉਸਾਰੀ ਕਰ ਰਹੀ ਹੈ। ਉਮੀਦ ਹੈ ਕਿ ਸੁਪਰੀਮ ਕੋਰਟ ਇਸ ਗੈਰਕਾਨੂੰਨੀ ਉਸਾਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਆਤਿਸ਼ੀ ਨੇ ਕਿਹਾ ਕਿ ‘ਆਪ’ ਦਿੱਲੀ ਵਿੱਚ ਸਰਵੇਖਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਪੂਰੀ ਦਿੱਲੀ ਜਾਂ ਪੂਰੇ ਦੇਸ਼ ਵਿੱਚ ਗੁੰਡਾਗਰਦੀ, ਹਿੰਸਾ ਅਤੇ ਦੰਗੇ ਕਰਵਾ ਰਹੀ ਹੈ। ‘ਆਪ’ ਦੇ ਆਗੂ ਜਿੱਥੇ ਵੀ ਜਾਂਦੇ ਹਨ, ਲੋਕ ਇਸ ਹਿੰਸਾ ਤੋਂ ਰਾਹਤ ਦੀ ਮੰਗ ਕਰ ਰਹੇ ਹਨ ਤੇ ਇਸ ਦੀ ਬਜਾਏ ਸਕੂਲ ਅਤੇ ਹਸਪਤਾਲ ਚਾਹੁੰਦੇ ਹਨ।
ਆਤਿਸ਼ੀ ਨੇ ਕਿਹਾ ਕਿ ਸਿਰਫ ਦਿੱਲੀ ਦੇ ਲੋਕ ਹੀ ਦੱਸਣਗੇ ਕਿ ਇਸ ਮਾਮਲੇ ਵਿੱਚ ਕੌਣ ਦੋਸ਼ੀ ਹੈ, ਦਿੱਲੀ ਦੇ ਲੋਕ ਦੱਸਣਗੇ ਕਿ ਗੁੰਡੇ ਅਤੇ ਦੰਗਾਕਾਰੀ ਕੌਣ ਹਨ। ਆਤਿਸ਼ੀ ਨੇ ਦਾਅਵਾ ਕੀਤਾ ਸੀ ਕਿ ਜਹਾਂਗੀਰਪੁਰੀ ਹਿੰਸਾ ਵਿੱਚ ਅੰਸਾਰ ਇੱਕ ਭਾਜਪਾ ਆਗੂ ਹੈ ਅਤੇ ਦੋਸ਼ ਲਗਾਇਆ ਸੀ ਕਿ ਫਿਰਕੂ ਹਿੰਸਾ ਲਈ ਭਾਜਪਾ ਜ਼ਿੰਮੇਵਾਰ ਹੈ। ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਰਾਹੁਲ ਗਾਂਧੀ, ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ, ਦਿੱਲੀ ਦੇ ਵਾਤਾਵਰਨ ਮੰਤਰੀ ਅਤੇ ‘ਆਪ’ ਆਗੂ ਗੋਪਾਲ ਰਾਏ ਸਣੇ ਵਿਰੋਧੀ ਧਿਰ ਦੇ ਨੇਤਾਵਾਂ ਦੁਆਰਾ ਬੁਲਡੋਜ਼ਰ ਕਾਰਵਾਈ ਦੀ ਆਲੋਚਨਾ ਕੀਤੀ ਗਈ ਹੈ।