ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਭਾਜਪਾ ਵੱਲੋਂ ਦਿੱਲੀ ਸਰਕਾਰ ਦੀ ਵਾਪਸ ਲਈ ਗਈ ਸ਼ਰਾਬ ਨੀਤੀ ਬਾਰੇ ਕਥਿਤ ਸਟਿੰਗ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਨੂੰ ਕਰਾਰਾ ਜਵਾਬ ਦਿੱਤਾ ਹੈ ਅਤੇ ਚੁਣੌਤੀ ਦਿੱਤੀ ਹੈ ਕਿ ਸਟਿੰਗ ਸੱਚਾ ਹੈ ਤਾਂ ਸੀਬੀਆਈ ਉਨ੍ਹਾਂ (ਸਿਸੋਦੀਆ) ਨੂੰ ਚਾਰ ਦਿਨਾਂ ਵਿੱਚ ਗ੍ਰਿਫ਼ਤਾਰ ਕਰ ਕੇ ਦਿਖਾਏ। ਉਨ੍ਹਾਂ ਦੋਸ਼ ਲਾਇਆ ਕਿ ਰਾਜਾਂ ਵਿੱਚ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਭਾਜਪਾ ਤੇ ਪ੍ਰਧਾਨ ਮੰਤਰੀ ਦੇ ਦਫ਼ਤਰਾਂ ’ਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਛਾਪੇ ਮਾਰਨ ਵਰਗੀਆਂ ਸਾਜ਼ਿਸ਼ਾਂ ਦੇ ਨਾਲ-ਨਾਲ ਫ਼ਰਜ਼ੀ ਸੀਬੀਆਈ ਅਤੇ ਈਡੀ ਦੇ ਕੇਸ ਦਰਜ ਕੀਤੇ ਜਾ ਰਹੇ ਹਨ।
ਸ੍ਰੀ ਸਿਸੋਦੀਆ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਸੀਬੀਆਈ ਚਾਰ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਕਥਿਤ ਸਟਿੰਗ ਵੀਡੀਓ ਇੱਕ ਹੋਰ ਝੂਠ ਹੈ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰਾਂ ਵਿੱਚ ਦਿੱਲੀ ਵਿਚਲੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਲਈ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ। ਸ੍ਰੀ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੀਬੀਆਈ ਨੂੰ ਤਲਾਸ਼ੀ ਦੌਰਾਨ ਨਿਵਾਸ ਤੇ ਬੈਂਕ ਲਾਕਰ ਤੋਂ ਕੁਝ ਨਹੀਂ ਮਿਲਿਆ, ਇਸ ਕਰ ਕੇ ਹੁਣ ਉਹ ਇੱਕ ਨਵਾਂ ਸਟਿੰਗ ਲੈ ਕੇ ਆਏ ਹਨ।
ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਹ ਗੱਲ ਮੰਨਦੇ ਹੋਏ ਮੁਆਫੀ ਮੰਗਣ ਕਿ ਜੇਕਰ ਸੀਬੀਆਈ 19 ਸਤੰਬਰ ਤੱਕ ਉਨ੍ਹਾਂ ਨੂੰ ਅਖੌਤੀ ਸਟਿੰਗ ਵਿੱਚ ਲਗਾਏ ਗਏ ਦੋਸ਼ਾਂ ਦੇ ਅਧਾਰ ’ਤੇ ਗ੍ਰਿਫਤਾਰ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਨ੍ਹਾਂ ਦੇ ਦਫਤਰ ਲਈ ਅਜਿਹੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣਾ ਗਲਤ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਭਾਜਪਾ ਦੀ ਇੱਕ ਸ਼ਾਖਾ ਹੈ, ਉਸ ਨੂੰ ਜਾਂਚ ਤੇਜ਼ੀ ਨਾਲ ਕਰਨੀ ਚਾਹੀਦੀ ਹੈ।