ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਫਰਵਰੀ
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਦੇਸ਼ ਭਰ ਦੇ ਕਿਸਾਨਾਂ ਨੂੰ ਸੰਦ, ਟਰੈਕਟਰ ਅਤੇ ਖਰੀਦਣ ’ਤੇ ਸਬਸਿਡੀ ਵਰਗੇ ਕਈ ਫਾਇਦੇ ਮਿਲ ਰਹੇ ਹਨ ਪਰ ਦਿੱਲੀ ਵਿੱਚ ਕੋਈ ਸਬਸਿਡੀ ਨਹੀਂ ਮਿਲਦੀ। ਸਰਕਾਰ ਸਿੰਜਾਈ ਲਈ ਬਿਜਲੀ ਦਿੰਦੀ ਹੈ ਪਰ ਦਿੱਲੀ ਵਿੱਚ ਅਜਿਹਾ ਨਹੀਂ ਹੈ। ਅੱਜ ਕਿਸਾਨਾਂ ਨੂੰ ਵਪਾਰਕ ਰੇਟਾਂ ਦੇ ਹਿਸਾਬ ਨਾਲ ਬਿੱਲ ਮਿਲ ਰਹੇ ਹਨ। ਕਿਸਾਨਾਂ ਵੱਲੋਂ ਫੈਸਲਾ ਲਿਆ ਗਿਆ ਕਿ ਜੇ ਜਲਦੀ ਹੀ ਦਿੱਲੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਜਾਵੇਗੀ। ਅੱਜ ਲਗਾਤਾਰ ਸੱਤ ਦਿਨਾਂ ਤੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਕਿਸਾਨਾਂ ਨੂੰ ਹੱਲਾਸ਼ੇਰੀ ਦੇਣਾ ਤਾਂ ਦੂਰ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਅੱਜ ਕਿਸਾਨਾਂ ਨੂੰ ਕਿਸਾਨ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਜਿੰਨੀ ਰਕਮ ਆਉਣੀ ਚਾਹੀਦੀ ਸੀ ਉਸ ਨੂੰ ਵੀ ਰੋਕਣ ਦਾ ਕੰਮ ਕੇਜਰੀਵਾਲ ਸਰਕਾਰ ਨੇ ਕੀਤਾ ਹੈ।