ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਤੱਕ ਲੰਪੀ ਸਕਿਨ ਦੀ ਬਿਮਾਰੀ ਨਾਲ ਪੀੜਤ 173 ਪਸ਼ੂਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਮਲੇ ਦੱਖਣੀ ਅਤੇ ਪੱਛਮੀ ਦਿੱਲੀ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਹਾਇਤਾ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਸੈਂਪਲ ਇਕੱਤਰ ਕਰਨ ਲਈ 11 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਸ੍ਰੀ ਰਾਇ ਨੇ ਕਿਹਾ ਕਿ ਗੋਇਲਾ ਡੇਅਰੀ ਖੇਤਰ ਵਿੱਚ 45 ਗਾਵਾਂ ਵਿੱਚ ਇਸ ਬਿਮਾਰੀ ਦੇ ਲੱਛਣ ਮਿਲੇ ਹਨ। ਰੇਵਲਾ ਖਾਨਪੁਰ ਵਿੱਚ 40 ਗਾਵਾਂ ਵਿੱਚ ਲੱਛਣ ਹਨ, ਘੁਮਣਹੇੜਾ ਵਿੱਚ 21, ਨਜਫਗੜ੍ਹ ਵਿੱਚ 16 ਅਤੇ ਕੁਝ ਹੋਰ ਖੇਤਰਾਂ ਵਿੱਚ ਇਸ ਬਿਮਾਰੀ ਤੋਂ ਪੀੜਤ ਲਾਵਾਰਿਸ ਗਊਆਂ ਦੀ ਪਛਾਣ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਇਹਤਿਆਤੀ ਉਪਾਅ ਕਰਨ ਦੀ ਹਦਾਇਤ ਕੀਤੀ ਗਈ ਸੀ। ਡਾਕਟਰਾਂ ਦੀ ਸਲਾਹ ਹੈ ਕਿ ਬਿਮਾਰੀ ਦੇ ਲੱਛਣਾਂ ਵਾਲੀਆਂ ਗਾਵਾਂ ਨੂੰ ਵੱਖ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਰ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਪਸ਼ੂਆਂ ਦੇ ਐਮਰਜੈਂਸੀ ਇਲਾਜ ਲਈ ਦੋ ਮੋਬਾਈਲ ਵੈਟ ਕਲੀਨਿਕ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ। ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸੈਂਪਲ ਇਕੱਤਰ ਕਰਨ ਲਈ 11 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਾਗਰੂਕਤਾ ਮੁਹਿੰਮਾਂ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ।
ਵਾਤਾਵਰਨ ਮੰਤਰੀ ਨੇ ਅੱਗੇ ਕਿਹਾ ਕਿ ਸਹਾਇਤਾ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਨੰਬਰ (82878-48586) ਸਥਾਪਤ ਕੀਤਾ ਗਿਆ ਹੈ ਜੋ ਕਿ 24 ਘੰਟੇ ਕੰਮ ਕਰੇਗਾ। ਜੇਕਰ ਲਾਵਾਰਿਸ ਪਸ਼ੂਆਂ ਸਮੇਤ ਹੋਰ ਗਾਵਾਂ ਵਿੱਚ ਲੱਛਣ ਦੇਖੇ ਜਾਂਦੇ ਹਨ ਤਾਂ ਲੋਕ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ ਅਤੇ ਸਹਾਇਤਾ ਲੈ ਸਕਦੇ ਹਨ। ਜੇਕਰ ਗਾਵਾਂ ਨੂੰ ਵੱਖ ਰੱਖਣ ਲਈ ਜਗ੍ਹਾ ਨਾ ਹੋਵੇ ਤਾਂ ਕੰਟਰੋਲ ਰੂਮ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਗਾਵਾਂ ਨੂੰ ਵੱਖ ਕਰਨ ਤੇ ਇਲਾਜ ਕਰਵਾਉਣ ਲਈ ਰੇਵਲਾ ਖਾਨਪੁਰ ਵਿੱਚ ਇੱਕ ਵੱਖਰਾ ਵਾਰਡ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੀ ਨਿਯਮਤ ਤੌਰ ’ਤੇ ਸਮੀਖਿਆ ਕੀਤੀ ਜਾਵੇਗੀ।