ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਦਿੱਲੀ ਟੈਕਨੋਲੋਜਿਕਲ ਯੂਨੀਵਰਸਿਟੀ (ਡੀਟੀਯੂ) ਵੱਲੋਂ ਨੌਜਵਾਨਾਂ ਲਈ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਇਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਜਾਣੂ ਕਰਵਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸੇ ਸਬੰਧ ਵਿੱਚ ਅੱਜ ‘ਸਿਵਲ ਸੇਵਾ: ਸ਼ੱਕ ਤੇ ਨਿਦਾਨ’ ਨਾਮ ਹੇਠ 2014 ਬੈਚ ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਆਈਏਐੱਸ ਅਧਿਕਾਰੀ ਇਰਾ ਸਿੰਘਲ ਨਾਲ ਵਿਸ਼ੇਸ਼ ਗੱਲਬਾਤ ਦਾ ਸੈਸ਼ਨ ਕਰਵਾਇਆ ਗਿਆ।
ਇਸ ਦੌਰਾਨ ਆਈਏਐੱਸ ਅਧਿਕਾਰੀ ਇਰਾ ਸਿੰਘਲ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀ ਤਿਆਰੀ ਸਬੰਧੀ ਕਈ ਗੁਰ ਦੱਸੇ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਸਿੰਘਲ ਨੂੰ ਸਿਵਲ ਸੇਵਾਵਾਂ ਦੀ ਤਿਆਰੀ ਸਬੰਧੀ ਕਈ ਸਵਾਲ ਵੀ ਪੁੱਛੇ। ਸਿੰਘਲ ਨੇ ਸਾਰੇ ਸਵਾਲਾਂ ਦੇ ਜਵਾਬ ਬੜੇ ਵਿਸਥਾਰ ਨਾਲ ਅਤੇ ਉਦਾਹਰਨਾਂ ਸਹਿਤ ਦਿੱਤੇ ਅਤੇ ਵਿਦਿਆਰਥੀਆਂ ਦੇ ਸ਼ੰਕਿਆਂ ਨੂੰ ਦੂਰ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਸੇਵਾ ਕਰੀਅਰ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਸਿੰਘਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਸਰਵਿਸਿਜ਼ ਵਿੱਚ ਆਉਣ ਤੋਂ ਬਾਅਦ ਕਿਹੜੀਆਂ ਚੁਣੌਤੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।
ਪ੍ਰੋਗਰਾਮ ਦੌਰਾਨ ਡੀਟੀਯੂ ਦੇ ਰਜਿਸਟਰਾਰ ਪ੍ਰੋ. ਮਧੂਸੂਦਨ ਸਿੰਘ, ਡਿਪਟੀ ਰਜਿਸਟਰਾਰ ਅਨਿਲ ਕੁਮਾਰ, ਡੀਨ (ਯੂ.ਜੀ.) ਪ੍ਰੋਫੈਸਰ ਰਾਜੇਸ਼ਵਰੀ ਪਾਂਡੇ ਅਤੇ ਡਾ. ਰਾਘਵੇਂਦਰ ਗੌਤਮ ਸਮੇਤ 250 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ|