ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਸਰਨਾ ਭਰਾਵਾਂ ਵੱਲੋਂ ਉਨ੍ਹਾਂ ਖ਼ਿਲਾਫ਼ ਅਦਾਲਤ ਵੱਲੋਂ ਲੁੱਕਆਊਟ ਨੋਟਿਸ ਜਾਰੀ ਕੀਤੇ ਜਾਣ ਦੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਲਈ ਉਨ੍ਹਾਂ ਖਿਲਾਫ ਉਹ ਧਾਰਾ-340 ਤਹਿਤ ਹਾਈ ਕੋਰਟ ਵਿੱਚ ਕੇਸ ਕਰਨਗੇ। ਪ੍ਰੈਸ ਕਾਨਫਰੰਸ ਨੂੰਸੰਬੋਧਨ ਕਰਦਿਆਂ ਸਿਰਸਾ ਨੇ ਮੀਡੀਆ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਸਿਰਸਾ ਨੂੰ ਜਦੋਂ ਵੀ ਜਾਂਚ ਲਈ ਬੁਲਾਇਆ ਹੈ ਤਾਂ ਉਹ ਆਏ ਹਨ ਤੇ ਕਦੇ ਵੀ ਕੁਝ ਵੀ ਗਲਤ ਨਹੀਂ ਕੀਤਾ ਜਦ ਕਿ ਇਸਦੇ ਉਲਟ ਸਰਨਾ ਭਰਾਵਾਂ ਨੇ ਅਦਾਲਤ ਤੋਂ ਬਾਹਰ ਆ ਕੇ ਇਹ ਝੁਠਾ ਰੌਲਾ ਪਾਇਆ ਕਿ ਅਦਾਲਤ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਝੂਠੇ, ਨਫਰਤ ਭਰੇ ਤੇ ਦਵੈਸ਼ ਭਾਵ ਨਾਲ ਕੀਤੇ ਪ੍ਰਚਾਰ ਲਈ ਉਹ ਧਾਰਾ 340 ਤਹਿਤ ਅਦਾਲਤ ਵਿਚ ਸਰਨਿਆਂ ਖਿਲਾਫ ਕੇਸ ਦਾਇਰ ਕਰਨਗੇ ਤੇ ਹਾਈ ਕੋਰਟ ਵਿਚ ਦੱਸਣਗੇ ਕਿ ਕਿਵੇਂ ਸਰਨਾ ਭਰਾ ਅਦਾਲਤੀ ਹੁਕਮਾਂ ਨੂੰ ਤੋੜ ਮਰੋੜ ਕੇ ਸੰਗਤ ਵਿਚ ਗਲਤ ਪ੍ਰਚਾਰ ਕਰਦੇ ਹਨ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਰੋਧੀ ਸੰਗਤ ਦੀ ਸੇਵਾ ਲਈ ਕੀਤੇ ਜਾ ਰਹੇ ਸਾਡੇ ਕੰਮਾਂ ਦਾ ਵਿਰੋਧ ਕਰ ਰਹੇ ਹਨ। ਕਦੇ ਇਹ ਕਿਸਾਨਾਂ ਦੀ ਸੇਵਾ ਕਰਨ, ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾਉਣ ਤੇ ਉਨ੍ਹਾਂ ਨਾਲ ਡਟਣ ਦਾ ਵਿਰੋਧ ਕਰਦੇ ਹਨ, ਕਦੇ ਇਹ ਸਾਡੇ ਵੱਲੋਂ ਬਣਾਏ 400 ਬੈਡਾਂ ਦੇ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਦਾ ਵਿਰੋਧ ਕਰਦੇ ਹਨ, ਕਦੇ 100 ਬੈੱਡਾਂ ਦੇ ਮੁਫਤ ਡਾਇਲਸਿਸ ਸੈਂਟਰ ਦਾ ਵਿਰੋਧ ਕਰਦੇ ਹਨ ਤੇ ਹੁਣ ਕਰੋਨਾ ਪੀੜਤਾਂ ਲਈ ਐਲਾਨੀ ਸੇਵਾ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 125 ਬੈਡਾਂ ਦਾ ਹਸਪਤਾਲ ਵੀ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦੀ ਹੀ ਸੰਗਤ ਦੀ ਸੇਵਾ ਨੂੰ ਸਮਰਪਿਤ ਹੋਵੇਗਾ।