ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਕੇਂਦਰ ਸਰਕਾਰ ’ਤੇ ਉਨ੍ਹਾਂ ਦੇ ਸਿੰਗਾਪੁਰ ਦੌਰੇ ’ਚ ਰੁਕਾਵਟ ਪਾਉਣ ਦਾ ਦੋਸ਼ ਲਗਾ ਰਹੇ ਹਨ। ਕੇਜਰੀਵਾਲ ਨੇ ਅੱਜ ਫਿਰ ਤੋਂ ਇਹ ਦੋਸ਼ ਦੁਹਰਾਉਂਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀ ਸਿੰਗਾਪੁਰ ਯਾਤਰਾ ਨੂੰ ਸਿਆਸੀ ਕਾਰਨਾਂ ਕਰਕੇ ਰੋਕਿਆ ਜਾ ਰਿਹਾ ਹੈ। ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘ਮੈਂ ਅਪਰਾਧੀ ਨਹੀਂ ਹਾਂ। ਮੈਂ ਮੁੱਖ ਮੰਤਰੀ ਹਾਂ ਤੇ ਦੇਸ਼ ਦਾ ਆਜ਼ਾਦ ਨਾਗਰਿਕ ਹਾਂ। ਮੈਨੂੰ ਸਿੰਗਾਪੁਰ ਜਾਣ ਤੋਂ ਰੋਕਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਸ ਲਈ ਇਸ ਪਿੱਛੇ ਕੋਈ ਨਾ ਕੋਈ ਸਿਆਸੀ ਕਾਰਨ ਜਾਪਦਾ ਹੈ। ਜੂਨ ਵਿੱਚ ਸਿੰਗਾਪੁਰ ਦੇ ਹਾਈ ਕਮਿਸ਼ਨਰ ਐੱਸ ਸਾਈਮਨ ਵੌਂਗ ਨੇ ਮੈਨੂੰ ਸੰਮੇਲਨ ਲਈ ਸੱਦਾ ਦਿੱਤਾ ਸੀ। ਮੈਂ ਅਪਰਾਧੀ ਨਹੀਂ ਸਗੋਂ ਚੁਣਿਆ ਹੋਇਆ ਮੁੱਖ ਮੰਤਰੀ ਹਾਂ।’
ਦਿੱਲੀ ਦੇ ਮੁੱਖ ਮੰਤਰੀ ਨੇ ਇਕ ਸੰਮੇਲਨ ’ਚ ਸ਼ਿਰਕਤ ਕਰਨ ਲਈ ਸਿੰਗਾਪੁਰ ਜਾਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦੇ ਰਹੀ। ਇਹ ਕਾਨਫਰੰਸ ਅਗਸਤ ਦੇ ਪਹਿਲੇ ਹਫ਼ਤੇ ਹੋਣੀ ਹੈ।
‘ਆਪ’ ਦੇ ਸੰਸਦ ਮੈਂਬਰਾਂ ਵੱਲੋਂ ਰੋਸ ਮੁਜ਼ਾਹਰਾ
ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ’ਤੇ ਜਾਣ ਦੀ ਮਨਜ਼ੂਰੀ ਨਾ ਮਿਲਣ ਤੋਂ ਖ਼ਫ਼ਾ ‘ਆਪ’ ਦੇ ਰਾਜ ਸਭਾ ਮੈਂਬਰਾਂ ਵੱਲੋਂ ਦਿੱਲੀ ਤੋਂ ਸੰਸਦ ਮੈਂਬਰ ਸੰਜੇ ਸਿੰਘ ਦੀ ਅਗਵਾਈ ਹੇਠ ਸੰਸਦ ਭਵਨ ਦੇ ਕੈਂਪਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਸੰਜੇ ਸਿੰਘ ਨੇ ਕਿਹਾ ਕਿ ਇਹ ਸ੍ਰੀ ਮੋਦੀ ਦੇ ‘ਨਕਲੀ ਮਾਡਲ’ ਤੇ ਸ੍ਰੀ ਕੇਜਰੀਵਾਲ ਦੇ ‘ਅਸਲੀ ਮਾਡਲ’ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਤਿੰਨ ਵਾਰ ਦੇ ਚੁਣੇ ਮੁੱਖ ਮੰਤਰੀ ਸਿੰਗਾਪੁਰ ਜਾ ਕੇ ਦਿੱਲੀ ਮਾਡਲ ਦੀ ਗੱਲ ਕੌਮਾਂਤਰੀ ਪੱਧਰ ਉਪਰ ਕਨਰਗੇ ਤੇ ਸ੍ਰੀ ਮੋਦੀ ਅਜਿਹਾ ਨਹੀਂ ਚਾਹੁੰਦੇ ਕਿਉਂਕਿ ਇਸ ਮਾਡਲ ਨੂੰ ਦੇਖਣ ਕੌਮਾਂਤਰੀ ਹਸਤੀਆਂ ਦਿੱਲੀ ਆਈਆਂ ਸਨ।