ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਮਈ
ਦਿੱਲੀ ਤੇ ਐਨਸੀਆਰ ਵਿੱਚ ਸ਼ਾਮ ਵੇਲੇ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਤੇਜ਼ ਝੱਖੜ ਨੇ ਸ਼ਹਿਰ ਵਿੱਚ ਤਬਾਈ ਮਚਾ ਦਿੱਤੀ। ਝੱਖੜ ਕਾਰਨ ਜੜ੍ਹੋਂ ਪੁੱਟੇ ਗਏ ਦਰੱਖ਼ਤਾਂ ਨਾਲ ਕਈ ਇਮਾਰਤਾਂ ਤੇ ਵੱਡੀ ਗਿਣਤੀ ਵਿੱਚ ਵਾਹਨ ਨੁਕਸਾਨੇ ਗਏ। ਇਸ ਤੋਂ ਇਲਾਵਾ ਮੀਂਹ ਤੇ ਗੜ੍ਹੇਮਾਰੀ ਕਾਰਨ ਕਈ ਥਾਈਂ ਅੰਡਰਪਾਸ ਤੇ ਮੁੱਖ ਮਾਰਗ ਪਾਣੀ ਨਾਲ ਭਰ ਗਏ ਅਤੇ ਸੜਕਾਂ ’ਤੇ ਜਾਮ ਰਿਹਾ। ਜਾਣਕਾਰੀ ਮੁਤਾਬਿਕ ਜਾਮਾ ਮਸਜਿਦ ਇਲਾਕੇ ਵਿੱਚ ਮਕਾਨ ਦਾ ਛੱਜਾ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਨੇ ਦੱਸਿਆ ਕਿ ਵਕੀਲਪੁਰਾ ਇਲਾਕੇ ਦੇ ਇੱਕ ਮਕਾਨ ਦਾ ਛੱਡਾ ਮੀਂਹ ਦੌਰਾਨ ਟੁੱਟ ਕੇ ਕੈਲਾਸ਼ ਚੰਦ (50) ਨਾਂ ਦੇ ਵਿਅਕਤੀ ਉਪਰ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਤਿਹਾਸਕ ਜਾਮਾ ਮਸਜਿਦ ਦਾ ਵਿਚਕਾਰਲੇ ਗੁੰਬਦ ਦਾ ਕਲਸ਼ ਵੀ ਟੁੱਟ ਗਿਆ। ਕਲਸ਼ ਦੇ ਟੁੱਟੇ ਤਿੰਨ ਟੁਕੜਿਆਂ ਵਿੱਚੋਂ ਦੋ ਹਿੱਸੇ ਹੇਠਾਂ ਡਿੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦ ਦੇ ਪੱਥਰ ਮੀਂਹ ਤੇ ਤੇਜ਼ ਝੱਖੜ ਕਾਰਨ ਹਿੱਲ ਗਏ ਤੇ ਮੁੱਖ ਗੁੰਬਦ ਦਾ ਕਲਸ਼ ਵੀ ਟੁੱਟ ਕੇ ਤਿੰਨ ਵਿਅਕਤੀਆਂ ’ਤੇ ਡਿੱਗ ਪਿਆ। ਜ਼ਿਕਰਯੋਗ ਹੈ ਕਿ ਸ਼ਾਮ ਵੇਲੇ ਮੀਂਹ ਨਾਲ ਆਏ ਝੱਖੜ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਜੜ੍ਹੋਂ ਪੁੱਟੇ ਗਏ ਤੇ ਕਈ ਥਾਵਾਂ ’ਤੇ ਰੁੱਖਾਂ ਦੇ ਟਾਹਣੇ ਟੁੱਟ ਕੇ ਵਾਹਨਾਂ ’ਤੇ ਡਿੱਗ ਗਏ। ਇਸ ਤੋਂ ਇਲਾਵਾ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੀ ਕਾਰ ’ਤੇ ਦਰੱਖ਼ਤ ਦਾ ਟਾਹਣ ਡਿੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਵਿਜੈ ਚੌਕ ਵਿਚਾਲੇ ਪੁਲੀਸ ਲਈ ਬਣਿਆ ਸਟੈਂਡ ਵੀ ਹਵਾ ਨਾਲ ਇੱਕ ਪਾਸੇ ਡਿੱਗ ਪਿਆ। ਇਸ ਤੋਂ ਇਲਾਵਾ ਜਾਮੀਆ ਨਗਰ, ਬਹਾਦਰ ਸ਼ਾਹ ਜਫ਼ਰ ਮਾਰਗ ’ਤੇ ਐੱਕਸਪ੍ਰੈੱਸ ਇਮਾਰਤ ਦੇ ਕਈ ਏਸੀ, ਆਰ. ਕੇ. ਆਸ਼ਰਮ, ਕਨਾਟ ਪਲੇਸ, ਲੋਧੀ ਮਾਰਗ, ਫਿਰੋਜ਼ਸ਼ਾਹ ਮਾਰਗ ਸਮੇਤ ਆਸ਼ਰਮ ਚੌਕ ਤੇ ਦੱਖਣੀ ਦਿੱਲੀ ਵਿੱਚ ਝੱਖੜ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਦਿੱਲੀ ਦੀਆਂ ਕਈ ਸੜਕਾਂ ਪਾਣੀ ਨਾਲ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਅਧਿਕਾਰੀਆਂ ਮੁਤਾਬਕ ਕਈ ਬੋਰਡ ਵੀ ਉੱਖੜ ਗਏ। ਬਾਰਾਂਖੰਭਾ ਰੋਡ, ਦਰਿਆ ਗੰਜ ਸਮੇਤ 50 ਤੋਂ ਵੱਧ ਥਾਵਾਂ ’ਤੇ ਦਰੱਖ਼ਤ ਡਿੱਗੇ ਤੇ ਕਈ ਘਰਾਂ ਦਾ ਨੁਕਸਾਨ ਵੀ ਹੋਇਆ। 50 ਕਿਲੋਮੀਟਰ ਦੀ ਰਫ਼ਤਾਰ ਨਾਲ ਆਈ ਤੇਜ਼ ਹਨੇਰੀ ਕਾਰਨ ਦਿੱਲੀ ਵਿੱਚ ਬਿਜਲੀ ਵਿਵਸਥਾ ਵਿੱਚ ਨੁਕਸ ਪੈਣ ਕਾਰਨ ਬਿਜਲੀ ਵੀ ਗੁੱਲ ਹੋ ਗਈ। ਭਲਕੇ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਅੱਜ ਦਿੱਲੀ ਦੇ ਸਫ਼ਦਰਜੰਗ ਵਿੱਚ 017.8, ਪਾਲਮ ਵਿੱਚ 04.8, ਲੋਧੀ ਰੋਡ ਇਲਾਕੇ ਵਿੱਚ 020.0 ਤੇ ਰਿਜ ਖੇਤਰ ਵਿਚ 015.0 ਅਤੇ ਆਇਆ ਨਗਰ ਵਿੱਚ 03.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਕਈ ਥਾਵਾਂ ’ਤੇ ਗੜੇ ਵੀ ਪਏ। ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ ਤੇ ਨੋਇਡਾ ਵਿੱਚ ਤੇਜ਼ ਹਨੇਰੀ ਚੱਲੀ ਤੇ ਤੇਜ਼ ਗਰਜ ਨਾਲ ਮੀਂਹ ਪਿਆ।