ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੂਨ
ਭਾਰਤੀ ਮੌਸਮ ਮਹਿਕਮੇ ਵੱਲੋਂ ਵੀਰਵਾਰ ਲਈ ਦਿੱਲੀ ਵਿੱਚ ਮੀਂਹ ਸਬੰਧੀ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਰ ਪਹਿਲਾਂ ਮੌਨਸੂਨ 27 ਜੂਨ ਨੂੰ ਦਿੱਲੀ ਵਿੱਚ ਪੁੱਜਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਪਰ ਹੁਣ ਇਹ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਪੁੱਜਣ ਦੀ ਉਮੀਦ ਹੈ। ਮੌਸਮ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਕਰੀਬ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਬੀਤੇ ਦਿਨ ਤੋਂ ਹੀ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਹੁੰਮਸ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ। ਹਵਾ ਵਿੱਚ ਨਮੀ ਦਾ ਪੱਧਰ 60 ਫ਼ੀਸਦੀ ਤੋਂ ਵੱਧ ਮਾਪਿਆ ਗਿਆ। ਇਸ ਕਾਰਨ ਲੋਕ ਪਸੀਨੇ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਕੂਲਰਾਂ ਦੀ ਹਵਾ ਵੀ ਬੇਅਸਰ ਰਹੀ। ਹਾਲਾਂਕਿ ਤਾਪਮਾਨ 42 ਡਿਗਰੀ ਦੇ ਆਸਪਾਸ ਰਿਹਾ ਪਰ ਅਹਿਸਾਸ ਇਸ ਤੋਂ ਉੱਪਰ ਦੇ ਤਾਪਮਾਨ ਦਾ ਹੋ ਰਿਹਾ ਸੀ। ਘੱਟ ਤੋਂ ਘੱਟ ਤਾਪਮਾਨ 33.7 ਡਿਗਰੀ ਮਾਪਿਆ ਗਿਆ ਜੋ ਬੀਤੇ ਦਿਨ 33 ਡਿਗਰੀ ਦੇ ਕਰੀਬ ਸੀ। ਵੀਰਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੇਠਾਂ ਡਿੱਗਣ ਤੇ ਇਹ 35 ਡਿਗਰੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਪ੍ਰਦੂਸ਼ਣ ਹਵਾ ਸ਼ੁੱਧਤਾ ਅੰਕ ਵੀ 120 ਮਾਪਿਆ ਗਿਆ ਜੋ ਦਰਮਿਆਨਾ ਮੰਨਿਆ ਜਾਂਦਾ ਹੈ।
ਅੱਜ ਰਾਤ ਤੋਂ ਦਿੱਲੀ ਐਨਸੀਆਰ ਵਿੱਚ ਅਸਮਾਨ ਉੱਪਰ ਬੱਦਲ ਛਾ ਗਏ। ਸਿਹਤ ਮਾਹਿਰਾਂ ਮੁਤਾਬਕ ਮੁੜ੍ਹਕਾ ਜ਼ਿਆਦਾ ਆਉਣ ਕਾਰਨ ਲੋਕ ਜ਼ਿਆਦਾ ਤੋਂ ਜ਼ਿਆਦਾ ਪਾਣੀ ਨਮਕ ਤੇ ਨਿੰਬੂ ਮਿਲਾ ਕੇ ਪੀਣ। ਅਜਿਹਾ ਮੌਸਮ ਲੂ ਦਾ ਕਾਰਨ ਵੀ ਬਣ ਸਕਦਾ ਹੈ ਇਸ ਲਈ ਬਿਨਾਂ ਲੋੜ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।