ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ, ਦਿੱਲੀ ਦੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਦਿੱਲੀ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 125 ਬੈੱਡਾਂ ਦੇ ਕਰੋਨਾ ਹਸਪਤਾਲ ਦੇ ਉਦਘਾਟਨ ਦੇ ਰਾਹ ਵਿਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਲਾਏ ਜਾ ਰਹੇ ਅੜਿਕਿਆਂ ਦੇ ਮਾਮਲੇ ਵਿਚ ਦਖ਼ਲ ਦੇਣ ’ਤੇ ਸਰਨਾ ਨੂੰ ਸਮਝਾਉਣ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਇਹ 125 ਬੈਡਾਂ ਦਾ ਹਸਪਤਾਲ ਕੌਮ ਦੀ ਜਾਇਦਾਦ ਹੈ ਜੋ ਮਨੁੱਖਤਾ ਦੇ ਬਚਾਅ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ 12 ਸਾਲਾਂ ਦੇ ਆਪਣੇ ਪ੍ਰਧਾਨਗੀ ਕਾਰਜ ਕਾਲ ਦੌਰਾਨ ਨਾ ਪਰਮਜੀਤ ਸਿੰਘ ਸਰਨਾ ਤੇ 6 ਸਾਲ ਦੇ ਕਾਰਜਕਾਲ ਦੌਰਾਨ ਨਾ ਮਨਜੀਤ ਸਿੰਘ ਜੀਕੇ ਨੇ ਇਸ ਹਸਪਤਾਲ ਦੀ ਉਸਾਰੀ ਵੱਲ ਕੋਈ ਧਿਆਨ ਦਿੱਤਾ। ਦਿੱਲੀ ਸਰਕਾਰ ਨੇ 28 ਜੁਲਾਈ 2021 ਨੂੰ ਦਿੱਲੀ ਕਮੇਟੀ ਨੂੰ ਪੱਤਰ ਲਿਖ ਕੇ 400 ਬੈਡਾਂ ਦੇ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਇਸ ਵਿਚ ਬੈਡ ਸਮਰਥਾ ਵਧਾਉਣ ਦੀ ਵੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਸੰਗਤ ਵੱਲੋਂ ਦਿੱਤੇ ਜਾਂਦੇ ਦਸਵੰਧ ਵਿੱਚੋਂ ਕੌਮ ਦੇ ਸਰਮਾਏ ਵਿਚੋਂ 14 ਕਰੋੜ ਰੁਪਏ ਦੇ ਕੇ ਇਹ ਹਸਪਤਾਲ ਵਾਪਸ ਲਿਆਂਦਾ ਤੇ ਇਸ ਦੀ ਉਸਾਰੀ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੇ ਆਪਣੇ ਹੱਥੀਂ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਇਸ ਹਸਪਤਾਲ ਕਰੋਨਾ ਦੀ ਤੀਜੀ ਲਹਿਰ ਤੋਂ ਬਚਾਅ ਵਾਸਤੇ ਜ਼ਰੂਰੀ ਹੈ।
ਇਹ ਹਸਪਤਾਲ ਭਾਰਤ ਦਾ ਇਕੋ ਇਕ ਹਸਪਤਾਲ ਹੈ ਜਿਸ ਵਾਸਤੇ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਇਹ ਕਹਿ ਕੇ ਯੋਗਦਾਨ ਪਾਇਆ ਕਿ ਦਿੱਲੀ ਕਮੇਟੀ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਫਰਾਂਸ ਦੀ ਸਰਕਾਰ ਨੇ ਢਾਈ ਕਰੋੜ ਰੁਪਏ ਮੁੱਲ ਦਾ ਆਕਸੀਜਨ ਪਲਾਂਟ ਭੇਜਿਆ, ਆਸਟਰੇਲੀਆ ਦੀ ਸਰਕਾਰ ਨੇ 3 ਲੱਖ ਡਾਲਰ ਭੇਜੇ, ਅਮਰੀਕਾ ਦੀ ਸਰਕਾਰ ਨੇ ਵੈਂਟੀਲੇਟਰ ਭੇਜੇ, ਉੱਥੇ ਹੀ ਇੰਗਲੈਂਡ ਸਣੇ ਦੁਨੀਆਂ ਦੇ ਹੋਰ ਮੁਲਕਾਂ ਦੀਆਂ ਸਰਕਾਰਾਂ ਸਣੇ ਪਰਵਾਸੀ ਪੰਜਾਬੀਆਂ ਨੇ ਵੀ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਅੱਜ ਸ੍ਰੀ ਸਰਨਾ ਆਪਣੇ ਦੋਹਤੇ ਰਾਹੀਂ ਅਦਾਲਤ ਵਿਚ ਕੇਸ ਪਾ ਕੇ ਇਸ ਹਸਪਤਾਲ ਨੂੰ ਰੁਕਵਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਰੋਨਾ ਦੇ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਹੀ ਇਹ ਹਸਪਤਾਲ ਬਣਾਇਆ ਹੈ।
ਸਿਰਸਾ ਨੇ ਦੱਸਿਆ ਕਿ ਪਰਮਜੀਤ ਸਿੰਘ ਸਰਨਾ ਸਿਰਫ਼ ਹਸਪਤਾਲ ਦੇ ਰਾਹ ਵਿਚ ਹੀ ਅੜਿਕਾ ਨਹੀਂ ਬਣ ਰਹੇ ਬਲਕਿ ਉਨ੍ਹਾਂ ਨੇ ਕਸ਼ਮੀਰ ਦੀ ਬੱਚੀ ਮਨਮੀਤ ਕੌਰ ਤੇ ਉਸ ਦੇ ਪਤੀ ਸੁਖਮੀਤ ਸਿੰਘ ਦੀਆਂ ਨੌਕਰੀਆਂ ਖੋਹਣ ਵਾਸਤੇ ਵੀ ਅਦਾਲਤ ਵਿੱਚ ਦਰਖ਼ਾਸਤ ਲਗਾਈ ਹੈ। ਇੰਨਾ ਹੀ ਨਹੀਂ ਬਲਕਿ ਕੌਮ ਦੇ ਹੀਰੇ ਰਾਗੀ, ਢਾਡੀ, ਗ੍ਰੰਥੀ ਤੇ ਕੀਰਤਨੀਏ ਜਿਨ੍ਹਾਂ ਦਾ ਕਰੋਨਾ ਸੰਕਟ ਵੇਲੇ ਨੁਕਸਾਨ ਹੋਇਆ, ਉਨ੍ਹਾਂ ਨੂੰ ਵੀ ਆਰਥਿਕ ਸਹਾਇਤਾ ਦੇਣ ’ਤੇ ਰੋਕ ਲਾਉਣ ਦੀ ਮੰਗ ਅਦਾਲਤ ਤੋਂ ਕੀਤੀ ਹੈ।